ਝਿੰਜਰ ਦਾ ਪ੍ਰਸ਼ਾਸ਼ਨ 'ਤੇ ਤਿੱਖਾ ਹਮਲਾ, ਹੜ੍ਹ ਆਉਣ ਦੀ ਜ਼ਿੰਮੇਵਾਰ ਹੋਵੇਗੀ ਪੰਜਾਬ ਸਰਕਾਰ ਝਿੰਜਰ ਦਾ ਪ੍ਰਸ਼ਾਸ਼ਨ 'ਤੇ ਤਿੱਖਾ ਹਮਲਾ ਹੜ੍ਹਾਂ ਆਉਣ ਦੀ ਜ਼ਿੰਮੇਵਾਰ ਹੋਵੇਗੀ ਪੰਜਾਬ ਸਰਕਾਰ
Publish Date: Sat, 11 Jul 2026 06:36 PM (IST)
Updated Date: Sun, 12 Jul 2026 04:10 AM (IST)
ਫੋਟੋ 11ਪੀਟੀਐਲ 18 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਘਨੌਰ ਹਲਕਾ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਐੱਸਜੀਪੀਸੀ ਮੈਂਬਰ ਜਸਮੇਰ ਸਿੰਘ ਲਾਛੜੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਆਗੂਆਂ ਨਾਲ ਘੱਗਰ ਦਰਿਆ ਦਾ ਦੌਰਾ ਕਰਦਿਆਂ ਪੰਜਾਬ ਦੀ ਆਪ ਸਰਕਾਰ ਤੇ ਘੱਗਰ ਦਰਿਆ ਦੀ ਸਫ਼ਾਈ ਅਤੇ ਬੰਨ੍ਹਾਂ ਤੇ ਪਏ ਪਾੜਾਂ ਨੂੰ ਨਾ ਭਰਨ ਸਬੰਧੀ ਗੰਭੀਰ ਅਣਗਹਿਲੀ ਦੇ ਦੋਸ਼ ਲਗਾਏ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਲੋੜੀਂਦੇ ਪ੍ਰਬੰਧ ਨਾ ਕੀਤੇ ਗਏ ਤਾਂ ਮੌਨਸੂਨ ਦੌਰਾਨ ਘੱਗਰ ਪੱਟੀ ਵਿੱਚ ਵੱਡੀ ਤਬਾਹੀ ਹੋ ਸਕਦੀ ਹੈ, ਜਿਸ ਦੀ ਸਿੱਧੀ ਜ਼ਿੰਮੇਵਾਰ ਸੂਬਾ ਸਰਕਾਰ ਹੋਵੇਗੀ। ਘੱਗਰ ਦਰਿਆ ਦੇ ਕੰਢੇ ਮੀਡੀਆ ਨਾਲ ਗੱਲਬਾਤ ਕਰਦਿਆਂ ਝਿੰਜਰ ਨੇ ਕਿਹਾ ਕਿ ਇਸ ਸਾਲ ਕਿਸਾਨ ਪਹਿਲਾਂ ਹੀ ਝੋਨੇ ਦੀ ਲੁਆਈ ਵੇਲੇ ਬਾਰਿਸ਼ ਅਤੇ ਨਹਿਰੀ ਪਾਣੀ ਦੀ ਘਾਟ ਕਾਰਨ ਪ੍ਰੇਸ਼ਾਨ ਰਹੇ ਅਤੇ ਬਿਜਲੀ ਸੰਕਟ ਦੌਰਾਨ ਉਨ੍ਹਾਂ ਨੂੰ ਮਹਿੰਗੇ ਜਨਰੇਟਰਾਂ ਨਾਲ ਸਿੰਚਾਈ ਕਰਨੀ ਪਈ। ਹੁਣ ਹੋਈ ਹਲਕੀ ਬਾਰਿਸ਼ ਨੇ ਸਰਕਾਰ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਕਿਹਾ ਕਿ 2023 ਤੇ 2025 ਦੀਆਂ ਬਾਰਿਸ਼ਾਂ ਦੌਰਾਨ ਪਏ ਪਾੜ ਅਜੇ ਤੱਕ ਨਹੀਂ ਭਰੇ ਗਏ, ਜਿਸ ਕਾਰਨ ਪਾਣੀ ਖੇਤਾਂ ਵਿੱਚ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰੋੜਾਂ ਰੁਪਏ ਖਰਚਣ ਦੇ ਦਾਅਵਿਆਂ ਦੇ ਬਾਵਜੂਦ ਨਾ ਤਾਂ ਦਰਿਆ ਦੀ ਢੰਗ ਨਾਲ ਸਫ਼ਾਈ ਕੀਤੀ ਗਈ ਅਤੇ ਨਾ ਹੀ ਬੰਨ੍ਹਾਂ ਦੀ ਮਜ਼ਬੂਤੀ ਲਈ ਪ੍ਰਭਾਵਸ਼ਾਲੀ ਕੰਮ ਹੋਇਆ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਲਕੇ ਵਿੱਚ ਕਥਿਤ ਤੌਰ ਤੇ ਵਿਧਾਇਕ ਦੇ ਚਹੇਤਿਆਂ ਰਾਹੀਂ ਵੱਡੇ ਪੱਧਰ ਤੇ ਮਾਈਨਿੰਗ ਕਰਵਾਈ ਗਈ। ਝਿੰਜਰ ਨੇ ਕਿਹਾ ਕਿ ਘੱਗਰ ਵਿੱਚ ਉੱਗੇ ਘਾਹ-ਫੂਸ ਅਤੇ ਬੂਟੀ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਦਾ ਵਹਾਅ ਰੁਕ ਰਿਹਾ ਹੈ, ਜਿਸ ਨਾਲ ਚਮਾਰੂ, ਉਟਸਰ, ਸਮਸਪੁਰ, ਕਾਮੀ ਖੁਰਦ ਸਮੇਤ ਕਈ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਪਹਿਲਾਂ ਹੀ ਦਰਿਆ ਦੀ ਸਫ਼ਾਈ ਕਰ ਦਿੱਤੀ ਹੁੰਦੀ ਤਾਂ ਕਿਸਾਨਾਂ ਨੂੰ ਇਹ ਨੁਕਸਾਨ ਨਾ ਝੱਲਣਾ ਪੈਂਦਾ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਅੱਖ ਬਹੁਤ ਦੇਰ ਬਾਅਦ ਖੁੱਲ੍ਹੀ ਹੈ। ਐੱਸਜੀਪੀਸੀ ਮੈਂਬਰ ਜਸਮੇਰ ਸਿੰਘ ਲਾਛੜੂ ਨੇ ਵੀ ਕਿਹਾ ਕਿ ਉਹ ਕਈ ਵਾਰ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ, ਐਸ.ਡੀ.ਓ. ਅਤੇ ਜੇ.ਈ. ਨੂੰ ਘੱਗਰ ਦੀ ਸਫ਼ਾਈ ਅਤੇ ਪਾੜਾਂ ਦੀ ਮੁਰੰਮਤ ਲਈ ਅਪੀਲ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।ਝਿੰਜਰ ਨੇ ਕਿਹਾ ਕਿ ਘੱਗਰ ਦਾ ਅਕਾਲੀ ਆਗੂਆਂ ਵਲੋਂ ਜਾਇਜਾ ਲੈਣ ਤੋਂ ਬਾਦ ਪ੍ਰਸ਼ਾਸ਼ਨ ਦੀ ਨੀਂਦ ਖੁੱਲੀ ਤੇ ਮੌਕੇ ਤੇ ਇੱਕ ਜੇਸੀਬੀ ਮਸ਼ੀਨ ਲਗਾ ਕੇ ਸਫਾਈ ਕਰਾਉਣ ਦਾ ਡਰਾਮਾ ਰਚਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨਾਲ ਸੰਪਰਕ ਕੀਤਾ ਗਿਆ ਤਾਂ ਫੋਨ ਚੁੱਕਣ ਵਾਲੇ ਵਿਅਕਤੀ ਨੇ ਦੱਸਿਆ ਕਿ ਵਿਧਾਇਕ ਮੀਟਿੰਗ ਵਿੱਚ ਰੁੱਝੇ ਹੋਏ ਹਨ। ਉੱਧਰ ਜਲ ਸਰੋਤ ਵਿਭਾਗ ਦੇ ਐਸ.ਡੀ.ਓ. ਹਰਦੀਪ ਸਿੰਘ ਨਾਲ ਵੀ ਵਾਰ-ਵਾਰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।