ਜੇਈਈ ਮੇਨਜ਼ ’ਚ ਪਟਿਆਲਾ ਮੋਹਰੀ ਬਣ ਕੇ ਉਭਰਿਆ
ਜੇ.ਈ.ਈ. ਮੇਨਜ਼ ਵਿੱਚ ਪਟਿਆਲਾ ਮੋਹਰੀ ਬਣ ਕੇ ਉਭਰਿਆ
Publish Date: Sat, 21 Feb 2026 05:56 PM (IST)
Updated Date: Sat, 21 Feb 2026 05:57 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਦੂਰਦਰਸ਼ੀ ਸੋਚ ਸਦਕਾ ਜੇਈਈ ਮੇਨਜ਼ ਜਨਵਰੀ ਸੈਸ਼ਨ–1 ਦੀ ਪ੍ਰੀਖਿਆ ਵਿੱਚ ਪਟਿਆਲਾ ਜ਼ਿਲ੍ਹਾ ਪੂਰੇ ਪੰਜਾਬ ਵਿੱਚੋਂ ਮੋਹਰੀ ਬਣ ਕੇ ਉਭਰਿਆ ਹੈ। ਜਨਵਰੀ 2026 ਵਿੱਚ ਦੇਸ਼ ਭਰ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਏ ਗਏ ਜੇਈਈ ਮੇਨਜ਼ ਇਮਤਿਹਾਨ ਵਿੱਚ ਪਟਿਆਲਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਕੁੱਲ 51 ਵਿਦਿਆਰਥੀਆਂ ਨੇ ਕਾਮਯਾਬੀ ਹਾਸਲ ਕੀਤੀ। ਇਨ੍ਹਾਂ ਵਿੱਚ ਨੌਨ ਐੱਸਓਈ ਸਕੂਲਾਂ ਦੇ 23, ਐੱਸਓਈ (ਸਕੂਲ ਆਫ ਐਮੀਨੈਂਸ) ਸਕੂਲਾਂ ਦੇ 5 ਅਤੇ ਮੈਰੀਟੋਰੀਅਸ ਸਕੂਲਾਂ ਦੇ 23 ਵਿਦਿਆਰਥੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਨੌਨ ਐੱਸਓਈ ਸਕੂਲਾਂ ਦੇ ਕੁੱਲ 99 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ, ਜਿਨ੍ਹਾਂ ਵਿੱਚੋਂ 23 ਵਿਦਿਆਰਥੀ ਸਿਰਫ਼ ਪਟਿਆਲਾ ਜ਼ਿਲ੍ਹੇ ਦੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਜ਼ਿਲ੍ਹੇ ਦੇ ਸਾਇੰਸ ਲੈਕਚਰਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਡਾ. ਰਵਿੰਦਰਪਾਲ ਸਿੰਘ ਨੇ ਵੀ ਕੁਆਲੀਫਾਈ ਵਿਦਿਆਰਥੀਆਂ ਨੂੰ ਸੁਚੱਜੀ ਯੋਜਨਾ ਬਣਾ ਕੇ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਇੰਸ ਵਿਸ਼ੇ ਦੇ ਮੇਂਟਰ ਪ੍ਰਿੰਸੀਪਲ ਸੰਦੀਪ ਕੁਮਾਰ, ਪ੍ਰਿੰਸੀਪਲ ਮਨਦੀਪ ਕੌਰ ਅੰਟਾਲ, ਸੁਧੀਰ ਕੁਮਾਰ ਅਤੇ ਦੀਪਕ ਕੁਮਾਰ ਨੇ ਦੱਸਿਆ ਕਿ ਨੌਨ ਐੱਸਓਈ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਸਾਥੀ ਟੀਮ ਵੱਲੋਂ ਆਨਲਾਈਨ ਮੋਡ ਰਾਹੀਂ ਸਕੂਲਾਂ ਵਿੱਚ ਹੀ ਸਾਇੰਸ ਲੈਕਚਰਾਰਾਂ ਦੀ ਹਾਜ਼ਰੀ ਵਿੱਚ ਕਰਵਾਈ ਗਈ। ਰੋਜ਼ਾਨਾ ਤਿੰਨ ਘੰਟਿਆਂ ਦੀਆਂ ਆਨਲਾਈਨ ਕਲਾਸਾਂ ਦੌਰਾਨ ਵਿਦਿਆਰਥੀਆਂ ਨੇ ਫਿਜ਼ਿਕਸ, ਕੈਮਿਸਟਰੀ, ਗਣਿਤ ਅਤੇ ਬਾਇਓਲੋਜੀ ਦੇ ਮੁਸ਼ਕਲ ਪ੍ਰਸ਼ਨ ਆਈਆਈਟੀ ਕਾਨਪੁਰ ਦੀ ਫੈਕਲਟੀ ਦੀ ਮਦਦ ਨਾਲ ਹੱਲ ਕੀਤੇ। ਜ਼ਿਲ੍ਹਾ ਨੋਡਲ ਲੈਕਚਰਾਰ ਦੌਲਤ ਰਾਮ ਨੇ ਦੱਸਿਆ ਕਿ ਪਿਛਲੇ ਸਾਲ ਪਟਿਆਲਾ ਜ਼ਿਲ੍ਹੇ ਦੇ 32 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਕੁਆਲੀਫਾਈ ਕੀਤੀ ਸੀ, ਜਿਨ੍ਹਾਂ ਵਿੱਚੋਂ ਨੌਨ ਐੱਸਓਈ ਦੇ ਸਿਰਫ਼ 9 ਵਿਦਿਆਰਥੀ ਸਨ, ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 23 ਹੋ ਗਈ ਹੈ, ਜੋ ਕਿ ਪਿਛਲੇ ਸਾਲ ਨਾਲੋਂ ਲਗਭਗ ਢਾਈ ਗੁਣਾ ਵਾਧਾ ਹੈ। ਇਹ ਸ਼ਾਨਦਾਰ ਸਫਲਤਾ ਅਸਿਸਟੈਂਟ ਡਾਇਰੈਕਟਰ ਜਸਵਿੰਦਰ ਕੌਰ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਸਾਥੀ ਟੀਮ ਦੀ ਇਕਜੁਟਤਾ ਦਾ ਨਤੀਜਾ ਹੈ।