- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਥੇਦਾਰ ਗੜੀ ਵੱਲੋਂ ਅਕਾਲੀ ਦਲ ਦੇ ਨਵੇਂ ਅਹੁਦੇਦਾਰ ਸਨਮਾਨਿਤ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਨੀਲਪੁਰ ਵਿਖੇ ਅਕਾਲੀ ਦਲ ਹਲਕਾ ਰਾਜਪੁਰਾ ਦੇ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ ਹੇਠ ਪਾਰਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦੇ ਸਨਮਾਨ ਲਈ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਗਮੀਤ ਸਿੰਘ ਹਰਿਆਉ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਆਪਣੇ-ਆਪਣੇ ਖੇਤਰਾਂ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਅਕਾਲੀ ਦਲ ਨਾਲ ਜੋੜਨ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਜਥੇਬੰਦਕ ਤਿਆਰੀਆਂ ਤੇਜ਼ ਕਰਨ ਦੀ ਲੋੜ ਹੈ। ਇਸ ਮੌਕੇ ਨਵੀਆਂ ਜ਼ਿੰਮੇਵਾਰੀਆਂ ਦਾ ਐਲਾਨ ਕਰਦਿਆਂ ਰਣਜੀਤ ਸਿੰਘ ਰਾਣਾ ਨੂੰ ਕੌਮੀ ਮੀਤ ਪ੍ਰਧਾਨ, ਸਾਧੂ ਸਿੰਘ ਖਲੋਰ ਤੇ ਕੌਂਸਲਰ ਜਸਵੀਰ ਸਿੰਘ ਜੱਸੀ ਨੂੰ ਪੀਏਸੀ ਮੈਂਬਰ, ਜਦਕਿ ਅਰਵਿੰਦਰਪਾਲ ਸਿੰਘ ਰਾਜੂ, ਹਰਭਜਨ ਸਿੰਘ ਚੱਕ, ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਅਸ਼ੋਕ ਕੁਮਾਰ ਖੇੜਾ ਗੱਜੂ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ। ਜ਼ਿਲ੍ਹਾ ਜਥੇਬੰਦੀ ਸਮੇਤ ਬੀਸੀ, ਟਰਾਂਸਪੋਰਟ, ਆਈਟੀ ਅਤੇ ਯੂਥ ਵਿੰਗ ਵਿੱਚ ਵੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਇਸ ਦੌਰਾਨ ਜਥੇਦਾਰ ਗੜੀ, ਰਣਜੀਤ ਸਿੰਘ ਰਾਣਾ ਅਤੇ ਅਰਵਿੰਦਰਪਾਲ ਸਿੰਘ ਰਾਜੂ ਨੇ ਜਗਮੀਤ ਸਿੰਘ ਹਰਿਆਉ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਨਵੇਂ ਅਹੁਦੇਦਾਰਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਲਵਿੰਦਰ ਸਿੰਘ ਨੇਪਰਾ, ਸੁਰਿੰਦਰ ਸਿੰਘ ਘੁਮਾਣਾ, ਕੁਲਵਿੰਦਰ ਸਿੰਘ ਕਾਲੋਮਾਜਰਾ, ਸਵਰਨ ਸਿੰਘ ਰਾਜਪੁਰਾ, ਬਾਬਾ ਕੁਲਦੀਪ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਸਨ।