ਕਰਾਟੇ ਟੂਰਨਾਮੈਂਟ ’ਚ ਪਾਇਨੀਅਰ ਕਾਨਵੈਂਟ ਸਕੂਲ ਦੇ ਜਪਜੋਤ ਸਿੰਘ ਨੇ ਬਾਜ਼ੀ ਮਾਰੀ ਕਰਾਟੇ ਟੂਰਨਾਮੈਂਟ ’ਚ ਪਾਇਨੀਅਰ ਕਾਨਵੈਂਟ ਸਕੂਲ ਦੇ ਜਪਜੋਤ ਸਿੰਘ ਨੇ ਬਾਜ਼ੀ ਮਾਰੀ
Publish Date: Sun, 25 Oct 2026 03:55 PM (IST)
Updated Date: Mon, 26 Oct 2026 04:01 AM (IST)
ਪਹਿਲਾ ਸਥਾਨ ਹਾਸਲ ਕਰਕੇ ਸਟੇਟ ਪੱਧਰੀ ਮੁਕਾਬਲੇ ਲਈ ਕੀਤਾ ਕੁਆਲੀਫਾਈ ਰਣਵੀਰ ਸਿੰਘ ਰਾਣਾ, ਪੰਜਾਬੀ ਜਾਗਰਣ, ਅਮਰਗੜ੍ਹ : ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ਦੇ ਪ੍ਰਾਇਮਰੀ ਵਿੰਗ ਦੇ ਹੋਣਹਾਰ ਵਿਦਿਆਰਥੀ ਜਪਜੋਤ ਸਿੰਘ ਨੇ ਜ਼ਿਲ੍ਹਾ ਪੱਧਰੀ ਕਰਾਟੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀ ਅਤੇ ਪਿੰਡ ਉਕਸੀ ਦੁਧਾਲ ਦੇ ਵਸਨੀਕ ਜਪਜੋਤ ਸਿੰਘ ਨੇ ਆਪਣੀ ਖੇਡ-ਕਲਾ, ਦ੍ਰਿੜ੍ਹ ਇਰਾਦੇ ਅਤੇ ਬਿਹਤਰੀਨ ਪ੍ਰਦਰਸ਼ਨ ਸਦਕਾ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਇਸ ਜਿੱਤ ਦੇ ਨਾਲ ਉਸ ਨੇ ਸਟੇਟ ਪੱਧਰੀ ਕਰਾਟੇ ਮੁਕਾਬਲੇ ਲਈ ਵੀ ਕੁਆਲੀਫਾਈ ਕਰ ਲਿਆ ਹੈ। ਜਪਜੋਤ ਸਿੰਘ ਦੀ ਇਸ ਸ਼ਾਨਦਾਰ ਸਫਲਤਾ ਨਾਲ ਪਾਇਨੀਅਰ ਕਾਨਵੈਂਟ ਸਕੂਲ ਦੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਖੁਸ਼ੀ ਦੀ ਲਹਿਰ ਹੈ। ਉਸ ਦੀ ਇਹ ਪ੍ਰਾਪਤੀ ਨਾ ਸਿਰਫ਼ ਸਕੂਲ ਲਈ ਮਾਣ ਵਾਲੀ ਗੱਲ ਹੈ, ਸਗੋਂ ਪਿੰਡ ਉਕਸੀ ਦੁਧਾਲ ਅਤੇ ਸਮੁੱਚੇ ਇਲਾਕੇ ਲਈ ਵੀ ਖੁਸ਼ੀ ਅਤੇ ਮਾਣ ਦਾ ਵਿਸ਼ਾ ਹੈ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਅਤੇ ਸਕੂਲ ਪ੍ਰਬੰਧਕਾਂ ਨੇ ਜਪਜੋਤ ਸਿੰਘ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਦਾ ਉਦੇਸ਼ ਵਿਦਿਆਰਥੀਆਂ ਨੂੰ ਵਿੱਦਿਆ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਵਿੱਚ ਵੀ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਨਾ ਹੈ। ਖੇਡਾਂ ਬੱਚਿਆਂ ਵਿੱਚ ਅਨੁਸ਼ਾਸਨ, ਆਤਮ-ਵਿਸ਼ਵਾਸ, ਮਿਹਨਤ ਅਤੇ ਸੰਘਰਸ਼ ਦੀ ਭਾਵਨਾ ਪੈਦਾ ਕਰਦੀਆਂ ਹਨ। ਸਕੂਲ ਪ੍ਰਬੰਧਕਾਂ ਨੇ ਆਸ ਪ੍ਰਗਟਾਈ ਕਿ ਜਪਜੋਤ ਸਿੰਘ ਸਟੇਟ ਪੱਧਰੀ ਮੁਕਾਬਲੇ ਵਿੱਚ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਵੀਆਂ ਮੱਲਾਂ ਮਾਰੇਗਾ ਅਤੇ ਸਕੂਲ ਤੇ ਇਲਾਕੇ ਦਾ ਨਾਮ ਹੋਰ ਉੱਚਾ ਕਰੇਗਾ। ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ਲਈ ਇਹ ਪ੍ਰਾਪਤੀ ਮਾਣ ਦਾ ਪਲ ਹੈ, ਜੋ ਹੋਰਨਾਂ ਵਿਦਿਆਰਥੀਆਂ ਨੂੰ ਵੀ ਖੇਡਾਂ ਦੇ ਖੇਤਰ ਵਿੱਚ ਮਿਹਨਤ ਕਰਕੇ ਸਫਲਤਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ।