25 ਅਕਤੂਬਰ ਨੂੰ ਬੇਸਹਾਰਾ ਮਰੀਜ਼ਾਂ ਲਈ ਖੋਲ੍ਹਣਗੇ ਆਸ਼ਰਮ : ਗੌਤਮ ਜਨਹਿਤ ਸਮਿਤੀ ਅਤੇ ਆਪਣਾ ਘਰ ਆਸ਼ਰਮ ਭਰਤਪੁਰ ਮਿਲ਼ ਕੇ 25 ਅਕਤੂਬਰ ਨੂੰ ਬੇਸਹਾਰਾ ਮਰੀਜਾਂ ਲਈ ਖੋਲਣਗੇ ਆਸ਼ਰਮ
Publish Date: Wed, 09 Sep 2026 05:56 PM (IST)
Updated Date: Wed, 09 Sep 2026 05:58 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਨਿਸ਼ਕਾਮ ਸਮਾਜ ਸੇਵਾ ਲਈ ਪ੍ਰਸਿੱਧ ਪਟਿਆਲਾ ਦੀ ਜਨਹਿਤ ਸੰਮਤੀ (ਰਜਿ.) ਸੰਸਥਾ ਹੁਣ ਦੁਨੀਆ ਦੀ ਸਭ ਤੋ ਵੱਡੀ ਮਨੁੱਖਤਾ ਦੀ ਸੇਵਾ ਕਰਨ ਵਾਲੀ ਸੰਸਥਾ ਆਪਣਾ ਘਰ ਆਸ਼ਰਮ ਭਰਤਪੁਰ (ਰਾਜਸਥਾਨ) ਨਾਲ ਮਿਲ ਕੇ ਪਟਿਆਲਾ ਸ਼ਹਿਰ ਦੇ ਪਿੰਡ ਰਾਏਪੁਰ ਮੰਡਲਾਂ ’ਚ ਲਾਵਾਰਸ, ਲਾਚਾਰ ਤੇ ਬਿਮਾਰ ਵਿਅਕਤੀਆਂ ਦੀ ਸਾਂਭ ਸੰਭਾਲ ਲਈ ਇਕ ਜਨਹਿਤ ਆਪਣਾ ਘਰ ਆਸ਼ਰਮ ਪਟਿਆਲਾ ਖੋਲ੍ਹਣ ਜਾ ਰਹੀ ਹੈ। ਜਨਹਿਤ ਸੰਮਤੀ ਦੇ ਪ੍ਰਧਾਨ ਐਸ ਕੇ ਗੌਤਮ ਤੇ ਫਾਊਂਡਰ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਦੱਸਿਆ ਕਿ ਇਸ ਸਬੰਧੀ ਜਨਹਿਤ ਸੰਮਤੀ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੀਨੀਅਰ ਮੈਂਬਰਾਂ ਦੀ ਟੀਮ ਵੱਲੋਂ ਆਪਣਾ ਘਰ ਆਸ਼ਰਮ ਭਰਤਪੁਰ ਦੇ ਸੰਸਥਾਪਕ ਡਾਕਟਰ ਬ੍ਰਿਜ ਮੋਹਨ ਭਾਰਤਵਾਜ, ਉਨ੍ਹਾਂ ਦੀ ਧਰਮ ਪਤਨੀ ਮਾਧੁਰੀ ਭਾਰਦਵਾਜ ਤੇ ਉਹਨਾਂ ਦੀ ਪੂਰੀ ਟੀਮ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਉਕਤ ਮਹਤਵਪੂਰਨ ਫੈਸਲਾ ਕੀਤਾ ਗਿਆ ਹੈ। ਜਨਹਿਤ ਸੰਮਤੀ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਹੁਣ ਇਹ ਦੋਵੇਂ ਸੰਸਥਾਵਾਂ ਜ਼ਿਲ੍ਹਾ ਪਟਿਆਲਾ ਤੇ ਇਸਦੇ ਨੇੜਲੇ ਇਲਾਕਿਆਂ ਵਿਚ ਕਿਸੇ ਵੀ ਇਨਸਾਨ ਨੂੰ ਲਾਵਾਰਸ ਹਾਲਾਤ ਵਿਚ, ਲਾਚਾਰ ਹਾਲਤ ਵਿਚ ਭੁੱਖਾ ਤੇ ਪਿਆਸਾ ਮਰਨ ਨਹੀਂ ਦੇਣਗੀਆਂ। ਇਸ ਮੌਕੇ ਕੇਵਲ ਕ੍ਰਿਸ਼ਨ ਕਟਾਰੀਆ ਤੇ ਡਾ. ਹਰੀ ਓਮ ਅੱਗਰਵਾਲ ਨੇ ਦੱਸਿਆ ਕਿ ਮਰੀਜ਼ਾਂ ਦੇ ਪੂਰਨ ਇਲਾਜ ਉਪਰੰਤ ਇਨ੍ਹਾਂ ਦੇ ਪੁਨਰਵਾਸ ਲਈ ਇੰਤਜ਼ਾਮ ਕੀਤੇ ਜਾਣਗੇ। ਜਨਹਿਤ ਸੰਮਤੀ (ਰਜਿ.) ਪਟਿਆਲਾ ਵੱਲੋਂ ਇਸ ਮਿਸ਼ਨ ਦੀ ਕਾਮਯਾਬੀ ਲਈ ਡਾ. ਹਰੀ ਓਮ ਅਗਰਵਾਲ ਤੇ ਕੇਵਲ ਕ੍ਰਿਸ਼ਨ ਕਟਾਰੀਆ ਦਾ ਖ਼ਾਸ ਤੌਰ ’ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਆਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਦੇ ਬਾਨੀ ਡਾ. ਬ੍ਰਿਜ ਮੋਹਨ ਭਾਰਦਵਾਜ, ਮਾਧੁਰੀ ਭਾਰਦਵਾਜ, ਵੀਰ ਪਾਲ, ਚੰਦਰ ਸ਼ੇਖਰ ਗੁਪਤਾ, ਫ਼ਰੀਦਕੋਟ ਤੋਂ ਕੇਵਲ ਕ੍ਰਿਸ਼ਨ ਕਟਾਰੀਆ ਅਤੇ ਜਨਹਿਤ ਸਮਿਤੀ ਰਜਿ. ਪਟਿਆਲਾ ਦੇ ਜਨਰਲ ਸਕੱਤਰ ਸਟੇਟ ਐਵਾਰਡੀ ਵਿਨੋਦ ਕੁਮਾਰ ਸ਼ਰਮਾ, ਮੈਨੇਜਰ ਸਤੀਸ਼ ਜੋਸ਼ੀ, ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ।