- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਹਿਤ ਸਮਿਤੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਵਿਆਹ, ਸਿੱਖਿਆ ਤੇ ਰਾਸ਼ਨ ਸਹਾਇਤਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਨਹਿਤ ਸੰਮਤੀ (ਰਜਿ.) ਪਟਿਆਲਾ ਵੱਲੋਂ ਬਾਰਾਂਦਰੀ ਗਾਰਡਨ ਸਥਿਤ ਪ੍ਰਭਾਤ ਪਰਵਾਨਾ ਹਾਲ ਵਿਚ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਮਾਜਿਕ ਭਲਾਈ ਸਮਾਰੋਹ ਕਰਵਾਇਆ ਗਿਆ। ਸੰਮਤੀ ਦੇ ਪ੍ਰਧਾਨ ਐੱਸ.ਕੇ. ਗੌਤਮ ਤੇ ਮਹਾਂ ਸਕੱਤਰ ਵਿਨੋਦ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਲੋੜਵੰਦ ਲੜਕੀਆਂ ਦੇ ਵਿਆਹ, ਵਿਦਿਆਰਥੀਆਂ ਦੀ ਸਿੱਖਿਆ ਤੇ ਨਿਰਧਨ ਪਰਿਵਾਰਾਂ ਨੂੰ ਰਾਸ਼ਨ ਸਹਾਇਤਾ ਦਿੱਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਇੰਜੀ. ਬੀ.ਕੇ. ਬਿੰਦਲ, ਸਾਬਕਾ ਡਾਇਰੈਕਟਰ ਪੀਐੱਸਪੀਸੀਐੱਲ, ਨੇ ਲੋੜਵੰਦ ਲੜਕੀਆਂ ਨੂੰ ਵਿਆਹ ਸਹਾਇਤਾ ਵਜੋਂ ਬਰਤਨਾਂ ਦੇ ਦੋ ਸੈੱਟ, ਸੂਟ ਅਤੇ ਨਕਦ ਰਾਸ਼ੀ ਪ੍ਰਦਾਨ ਕੀਤੀ। ‘ਗੀਤਾਂਜਲੀ ਅਤੇ ਸ਼੍ਰੀ ਆਰਟਸ’ ਵੱਲੋਂ ਵੀ ਸੂਟ ਅਤੇ ਸਾੜੀਆਂ ਭੇਂਟ ਕੀਤੀਆਂ ਗਈਆਂ। ਸਮਿਤੀ ਵੱਲੋਂ ਤਿੰਨ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਜਮ੍ਹਾਂ ਕਰਵਾਉਣ ਦੇ ਨਾਲ ਚਾਰ ਅਸਹਾਇ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਵਿਨੋਦ ਸ਼ਰਮਾ ਅਤੇ ਬੀ.ਕੇ. ਬਿੰਦਲ ਨੇ ਦੱਸਿਆ ਕਿ ਸਮਿਤੀ ਵੱਲੋਂ ਹੁਣ ਤੱਕ 275 ਤੋਂ ਵੱਧ ਮੁਫ਼ਤ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਪੰਜ ਐਂਬੂਲੈਂਸਾਂ ਰਾਹੀਂ 5,000 ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ। 10,000 ਤੋਂ ਵੱਧ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਅਤੇ 30,000 ਤੋਂ ਵੱਧ ਬੱਚਿਆਂ ਨੂੰ ਸਿੱਖਿਆ ਸਬੰਧੀ ਸਹਾਇਤਾ ਦਿੱਤੀ ਗਈ ਹੈ। ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਅਤੇ ਭੂਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਰਾਇਪੁਰ ਮੰਡਲਾ ਵਿਚ ‘ਜਨਹਿਤ ਆਪਣਾ ਘਰ’ ਆਸ਼ਰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਵਿੱਚ ਅਨਾਥ ਅਤੇ ਬੇਸਹਾਰਾ ਮਰੀਜ਼ਾਂ ਦੇ ਇਲਾਜ, ਰਹਿਣ ਅਤੇ ਖਾਣ-ਪੀਣ ਦੀ ਵਿਵਸਥਾ ਕੀਤੀ ਜਾਵੇਗੀ।