- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਹਿਤ ਸਮਿਤੀ ਨੇ ਲਗਾਏ 300 ਪੌਦੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਧਿਆਪਕ ਦਿਵਸ ਦੇ ਮੌਕੇ ’ਤੇ ਸਮਾਜ ਸੇਵਾ ਤੇ ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਜਨਹਿਤ ਸਮਿਤੀ (ਰਜਿ.), ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਸਥਿਤ ਚਿਲਡਰਨ ਪਾਰਕ ਵਿਚ ਵਿਸ਼ੇਸ਼ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ। ਸੰਮਤੀ ਦੇ ਪ੍ਰਧਾਨ ਐੱਸਕੇ ਗੌਤਮ ਅਤੇ ਜਨਰਲ ਸਕੱਤਰ ਵਿਨੋਦ ਕੁਮਾਰ ਸ਼ਰਮਾ ਅਗਵਾਈ ਹੇਠ ਕਰਵਾਈ ਮੁਹਿੰਮ ਦੌਰਾਨ ਲਗਭਗ 300 ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਵ੍ਰਿਕਸ਼ਾਰੋਪਣ ਮੁਹਿੰਮ ਵਿਚ ਸੰਮਤੀ ਦੇ ਮੈਂਬਰਾਂ, ਦਾਨਦਾਤਾਵਾਂ ਤੇ ਸਮਾਜ ਸੇਵੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਬੂਟੇ ਲਗਾਉਣ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਅਤੇ ਦੇਖਭਾਲ ਦਾ ਸੰਕਲਪ ਵੀ ਲਿਆ ਗਿਆ। ਇਸ ਮੌਕੇ ਜਨਹਿਤ ਸਮਿਤੀ ਦੇ ਪ੍ਰਧਾਨ ਐਸਕੇ ਗੌਤਮ ਤੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਸਮਾਜ ਦੇ ਸਾਰੇ ਵਰਗਾਂ ਨੂੰ ਭਾਵਪੂਰਵਕ ਅਪੀਲ ਕਰਦੇ ਹੋਏ ਕਿਹਾ ਕਿ ਵਾਤਾਵਰਣ ਦੀ ਸੰਭਾਲ ਸਿਰਫ਼ ਕਿਸੇ ਇਕ ਸੰਸਥਾ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰੇਕ ਨਾਗਰਿਕ ਦਾ ਨੈਤਿਕ ਫ਼ਰਜ਼ ਹੈ। ਸੰਮਤੀ ਦੇ ਸੰਸਥਾਪਕ ਮੈਂਬਰ ਅਨਿਲ ਕੁਮਾਰ ਭਾਰਤੀ ਨੇ ਸਾਰੀਆਂ ਸਮਾਜਿਕ, ਧਾਰਮਿਕ ਅਤੇ ਸੇਵਾ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਸੇਵਾ ਕਾਰਜਾਂ ’ਚ ਰੁੱਖ ਲਗਾਉਣ ਨੂੰ ਤਰਜੀਹ ਦੇਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਜਨ-ਮੁਹਿੰਮ ਨਾਲ ਜੋੜਨ। ਇਸ ਮੌਕੇ ਸਰਦਾਰ ਜਸਬੀਰ ਸਿੰਘ ਢੀਂਡਸਾ, ਜੀ. ਐਸ. ਚੀਮਾ, ਜਗਤਾਰ ਸਿੰਘ ਜੱਗੀ, ਏ. ਐਸ. ਢਿੱਲੋਂ, ਮਨਜੀਤ ਸਿੰਘ, ਅਜੈ ਸ਼ਰਮਾ, ਰਵਿੰਦਰ ਗਰਗ, ਨਿਰਮਲ ਸਿੰਘ, ਐਡਵੋਕੇਟ ਜਸਪ੍ਰੀਤ ਸਿੰਘ, ਐਡਵੋਕੇਟ ਵਿਕਰਮ ਸਿੰਘ ਬੇਦੀ, ਗੁਰਪ੍ਰੀਤ ਸਿੰਘ ਗਰੇਵਾਲ ਆਦਿ ਮੌਜੂਦ ਰਹੇ। ਜਨਹਿਤ ਸੰਮਤੀ ਨੇ ਆਪਣਾ ਸੰਕਲਪ ਦੁਹਰਾਇਆ ਕਿ ਵਾਤਾਵਰਣ ਸੰਭਾਲ ਅਤੇ ਜਨ ਸੇਵਾ ਦੇ ਕਾਰਜਾਂ ਨੂੰ ਭਵਿੱਖ ਵਿਚ ਵੀ ਨਿਰੰਤਰ ਅੱਗੇ ਵਧਾਇਆ ਜਾਵੇਗਾ।