
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੱਖੜ ਪੁੰਨਿਆ ਰੈਲੀ ’ਚ ਜਲਾਲਪੁਰ ਦੀ ਸ਼ਮੂਲੀਅਤ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਪਵਿੱਤਰ ਰੱਖੜ ਪੁੰਨਿਆ ਦੇ ਮੌਕੇ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਪੰਜਾਬ ਕਾਂਗਰਸ ਵੱਲੋਂ ਕਰਵਾਈ ਗਈ ਵਿਸ਼ਾਲ ਰੈਲੀ ਵਿੱਚ ਘਨੌਰ ਹਲਕੇ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਰੈਲੀ ਵਿਚ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਸਮਰਥਕ ਪਹੁੰਚੇ, ਜਿਸ ਨਾਲ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ। ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਹੋਰ ਆਗੂ ਮੌਜੂਦ ਰਹੇ। ਇਸ ਮੌਕੇ ਮਦਨ ਲਾਲ ਜਲਾਲਪੁਰ ਵੀ ਸੀਨੀਅਰ ਆਗੂਆਂ ਨਾਲ ਵਿਚਾਰ-ਵਟਾਂਦਰਾ ਕਰਦੇ ਅਤੇ ਰੈਲੀ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਨਜ਼ਰ ਆਏ। ਖ਼ਾਸ ਤੌਰ ’ਤੇ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਮੌਜੂਦਗੀ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਾਂਗਰਸੀ ਆਗੂਆਂ ਨੇ ਰੈਲੀ ਨੂੰ ਪੰਜਾਬ ਵਿਚ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਨਾਲ ਮੁੜ ਜੁੜਨ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ ਅਤੇ ਸੂਬੇ ਵਿਚ ਬਦਲਾਅ ਦੀ ਲਹਿਰ ਬਣ ਰਹੀ ਹੈ। ਕਾਂਗਰਸ ਆਗੂਆਂ ਨੇ ਦਾਅਵਾ ਕੀਤਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਮਜ਼ਬੂਤੀ ਨਾਲ ਮੈਦਾਨ ਵਿਚ ਉਤਰੇਗੀ। ਘਨੌਰ ਦੇ ਸਿਆਸੀ ਦ੍ਰਿਸ਼ਟੀਕੋਣ ਤੋਂ ਮਦਨ ਲਾਲ ਜਲਾਲਪੁਰ ਦੀ ਰੈਲੀ ਵਿਚ ਸ਼ਮੂਲੀਅਤ ਨੂੰ ਵੀ ਅਹਿਮ ਮੰਨਿਆ ਜਾ ਰਿਹਾ ਹੈ। ਲੰਬੇ ਸਮੇਂ ਤੋਂ ਹਲਕੇ ਦੀ ਸਿਆਸਤ ਵਿਚ ਸਰਗਰਮ ਰਹੇ ਜਲਾਲਪੁਰ ਦੀ ਸੀਨੀਅਰ ਕਾਂਗਰਸੀ ਆਗੂਆਂ ਨਾਲ ਨੇੜਤਾ ਅਤੇ ਸਿੱਧਾ ਸੰਪਰਕ ਆਉਣ ਵਾਲੇ ਸਮੇਂ ਵਿਚ ਹਲਕੇ ਦੀ ਸਿਆਸਤ ’ਤੇ ਪ੍ਰਭਾਵ ਪਾ ਸਕਦਾ ਹੈ। ਰੈਲੀ ਵਿੱਚ ਜਲਾਲਪੁਰ ਦੀ ਸਰਗਰਮ ਮੌਜੂਦਗੀ ਨੇ ਘਨੌਰ ਹਲਕੇ ਦੇ ਕਾਂਗਰਸੀ ਵਰਕਰਾਂ ਵਿਚ ਵੀ ਨਵਾਂ ਉਤਸ਼ਾਹ ਪੈਦਾ ਕੀਤਾ।