ਜਗਵੀਰ ਗਾਗਾ ਦੀ ਕਿਤਾਬ "ਸੱਜਣਾਂ ਇੱਕ ਗੱਲ ਆਖਾਂ" ਰਿਲੀਜ਼ ਜਗਵੀਰ ਗਾਗਾ ਦੀ ਕਿਤਾਬ "ਸੱਜਣਾਂ ਇੱਕ ਗੱਲ ਆਖਾਂ" ਕੀਤੀ ਰਿਲੀਜ਼
Publish Date: Sun, 27 Sep 2026 05:17 PM (IST)
Updated Date: Mon, 28 Sep 2026 04:01 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਕਾਂਤਾ ਗੋਇਲ, ਪ੍ਰਧਾਨ ਨਗਰ ਕੌਂਸਲ ਲਹਿਰਾਗਾਗਾ ਦੀ ਸਰਪ੍ਰਸਤੀ ਅਤੇ ਅਧਿਆਪਕ ਨਿਰਮਲਾ ਦੀ ਪ੍ਰਧਾਨਗੀ ਹੇਠ ਹੋਈ। ਸਾਹਿਤਕ ਸਮਾਗਮ ਵਿੱਚ ਜਗਵੀਰ ਗਾਗਾ ਦੀ ਕਿਤਾਬ ਸੱਜਣਾਂ ਇੱਕ ਗੱਲ ਆਖਾਂ ਰਿਲੀਜ਼ ਕੀਤੀ ਗਈ। ਇਲਾਕੇ ਦੇ ਉੱਘੇ ਸਾਹਿਤਕਾਰ ਰਤਨਪਾਲ ਡੂਡੀਆਂ ਨੇ ਪਰਚਾ ਪੜਿਆ। ਉਨ੍ਹਾਂ ਕਿਹਾ ਕਿ ਜਗਵੀਰ ਸਿੰਘ ਗਾਗਾ ਸਾਡੀ ਸਾਹਿਤ ਸਭਾ ਦਾ ਚਮਕਦਾ ਸਿਤਾਰਾ ਹੈ। ਅੱਜ ਇਸ ਦੀ ਚਮਕ ਸਾਹਿਤਕ ਖੇਤਰ ਦੇ ਵਿੱਚ ਹੋਰ ਵਧ ਗਈ ਹੈ। ਗਾਗਾ ਦੀਆਂ ਕਵਿਤਾਵਾਂ ਪੜ੍ਹ ਕੇ ਇੰਝ ਲੱਗਿਆ ਕਿ ਇਹ ਇੱਕ ਪ੍ਰੋੜ ਕਵੀ ਹੈ। ਸਾਹਿਤ ਸਭਾ ਦੇ ਪ੍ਰਧਾਨ ਅਧਿਆਪਕ ਨਿਰਮਲਾ ਨੇ ਗਾਗਾ ਦੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ, ਕਿ ਜਗਵੀਰ ਗਾਗਾ ਦੀਆਂ ਕਵਿਤਾਵਾਂ ਪਾਠਕਾਂ ਨੂੰ ਪੂਰੀ ਤਰ੍ਹਾਂ ਕੀਲਣ ਦੀ ਕਲਾ ਰੱਖਦੀਆਂ ਹਨ, ਕਿਉਂਕਿ ਹਰ ਕਵਿਤਾ ਦੇ ਵਿੱਚ ਰੌਚਿਕਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਹਿਤ ਸਭਾ ਲਹਿਰਗਾਗਾ ਸਾਹਿਤਕ ਬੁਲੰਦੀਆਂ ਨੂੰ ਛੂਹ ਰਹੀ ਹੈ। ਸਾਹਿਤ ਸਭਾ ਦੇ ਵਿੱਚ ਮਾ. ਸੁਰਜੀਤ ਸਿੰਘ ਰਾਹੀ ਅਤੇ ਅਵਤਾਰ ਸਿੰਘ ਨੇ ਆਪਣੇ ਗੀਤਾਂ ਦੇ ਨਾਲ ਖੂਬ ਰੰਗ ਬੰਨਿਆ। ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ ਨੇ ਬੋਲਦਿਆਂ ਕਿਹਾ, ਕਿ ਪੁਸਤਕਾਂ ਚੰਗੇ ਸਮਾਜ ਦੀ ਨੀਂਹ ਹੁੰਦੀਆਂ ਹਨ। ਸਾਹਿਤ ਸਭਾ ਲਹਿਰਾਗਾਗਾ ਦੇ ਸਰਪ੍ਰਸਤ ਮੈਡਮ ਕਾਂਤਾ ਗੋਇਲ ਨੇ ਕਿਹਾ ਕਿ ਅੱਜ ਜਗਵੀਰ ਗਾਗਾ ਨੇ ਜੋ ਕਾਰਜ ਕੀਤਾ ਹੈ, ਇਸ ਲਈ ਇਹ ਵਧਾਈ ਦੇ ਪਾਤਰ ਹਨ। ਪੁਸਤਕ ਦੀ ਰਚਨਾ ਕੋਈ ਛੋਟਾ ਕਾਰਜ ਨਹੀਂ। ਅੰਤ ਵਿੱਚ ਜਗਵੀਰ ਗਾਗਾ ਨੇ ਕਿਹਾ ਕਿ ਪੁਸਤਕ ਦੇ ਵਿੱਚ ਸਾਰੀਆਂ ਕਵਿਤਾਵਾਂ, ਮੇਰੀ ਜ਼ਿੰਦਗੀ ਦੇ ਵਿੱਚ ਵਾਪਰੇ ਹਰ ਪਲ ਨੂੰ ਪੇਸ਼ ਕਰਦੀਆਂ ਹਨ। ਸਮਾਗਮ ਦੇ ਵਿੱਚ ਰਾਮਫਲ ਰਾਜਲਹੇੜੀ, ਖੁਸਪ੍ਰੀਤ ਹਰੀਗੜ੍ਹ, ਫਤਹਿ ਰੰਧਾਵਾਂ, ਹਸਤ ਕਮਲ ਲਹਿਰਾ, ਜੋਗੀ ਭੁਟਾਲ, ਤਰਸੇਮ ਖਾਸਪੁਰੀ, ਅਵਤਾਰ ਜਲਵੇੜਾ, ਬਹਾਦਰ ਸਿੰਘ ਧੌਲਾ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।