ਰੇਲ ਮੰਤਰੀ ਨੂੰ ਮਿਲੇ ਜਗਦੀਸ਼ ਜੱਗਾ ਤੇ ਪਰਨੀਤ ਕੌਰ ਰੇਲਵੇ ਮੁੱਦਿਆਂ ਨੂੰ ਲੈ ਕੇ ਜੱਗਾ ਵੱਲੋਂ ਪਰਨੀਤ ਕੌਰ ਨਾਲ ਰੇਲ ਮੰਤਰੀ ਨਾਲ ਮੁਲਾਕਾਤ
Publish Date: Thu, 17 Sep 2026 05:20 PM (IST)
Updated Date: Fri, 18 Sep 2026 04:06 AM (IST)
ਫੋਟੋ 17ਪੀਟੀਐਲ: 2 ਐੱਚ ਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਭਾਰਤੀ ਜਨਤਾ ਪਾਰਟੀ ਦੇ ਰਾਜਪੁਰਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਸਮੇਤ ਦਿੱਲੀ ਵਿਖੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਜਪੁਰਾ ਹਲਕੇ ਨਾਲ ਸਬੰਧਤ ਰੇਲਵੇ ਦੇ ਕਈ ਅਹਿਮ ਮੁੱਦਿਆਂ ਬਾਰੇ ਚਰਚਾ ਕੀਤੀ ਗਈ। ਮੁਲਾਕਾਤ ਦੌਰਾਨ ਰਾਜਪੁਰਾ ਹਲਕੇ ਦੇ ਪਿੰਡ ਤਸੌਲੀ ਦੇ ਵਸਨੀਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਪ੍ਰਸਤਾਵਿਤ ਰੇਲਵੇ ਲਾਈਨ ਦਾ ਮੁੱਦਾ ਵਿਸ਼ੇਸ਼ ਤੌਰ ’ਤੇ ਕੇਂਦਰੀ ਰੇਲ ਮੰਤਰੀ ਦੇ ਧਿਆਨ ’ਚ ਲਿਆਂਦਾ ਗਿਆ ਤੇ ਇਸ ਮਾਮਲੇ ਦਾ ਜਲਦ ਤੋਂ ਜਲਦ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਰਾਜਪੁਰਾ ਹਲਕੇ ਦੇ ਲੋਕਾਂ ਲਈ ਬਿਹਤਰ ਰੇਲ ਆਵਾਜਾਈ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਤੇ ਹਰਿਦੁਆਰ ਜਾਣ ਵਾਲੀਆਂ ਰੇਲਗੱਡੀਆਂ ਦਾ ਢੁਕਵਾਂ ਠਹਿਰਾਅ ਰਾਜਪੁਰਾ ਵਿਖੇ ਯਕੀਨੀ ਬਣਾਉਣ ਦੀ ਮੰਗ ਵੀ ਰੱਖੀ ਗਈ। ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਰਾਜਪੁਰਾ ਹਲਕੇ ਦੇ ਲੋਕਾਂ ਨਾਲ ਸਬੰਧਤ ਰੇਲਵੇ ਦੇ ਮੁੱਦਿਆਂ ਨੂੰ ਉਹ ਲਗਾਤਾਰ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਰਹਿਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਮੁਲਾਕਾਤ ਬਹੁਤ ਹੀ ਸੁਖਾਵੇਂ ਤੇ ਸਾਰਥਕ ਮਾਹੌਲ ’ਚ ਹੋਈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਮੂਹ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਇਨ੍ਹਾਂ ਮਾਮਲਿਆਂ ’ਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੌਂਸਲਰ ਰੁਪਿੰਦਰ ਸਿੰਘ ਸੰਧੂ, ਪ੍ਰਦੀਪ ਕੁਮਾਰ ਨੰਦਾ, ਐਡਵੋਕੇਟ ਪਰਮਵੀਰ ਚੌਧਰੀ, ਸੋਨੂ ਡਾਲੀਮਾ ਵਿਹਾਰ ਸਮੇਤ ਹੋਰ ਹਾਜ਼ਰ ਸਨ।