ਜਗਦੀਸ਼ ਜੱਗਾ ਨੇ ਪਿੰਡ-ਪਿੰਡ ਜੱਗਾ ਮੁਹਿੰਮ ਤਹਿਤ ਪਹੁੰਚੇ ਸ਼ਾਮਦੋ ਕੈਂਪ
ਜਗਦੀਸ਼ ਜੱਗਾ ਪਿੰਡ ਪਿੰਡ ਜੱਗਾ ਮੁਹਿੰਮ ਤਹਿਤ ਪਹੁੰਚੇ ਸ਼ਾਮਦੋ ਕੈਂਪ
Publish Date: Sun, 28 Jun 2026 05:07 PM (IST)
Updated Date: Sun, 28 Jun 2026 05:07 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਜਪਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵੱਲੋਂ ਚਲਾਈ ਜਾ ਰਹੀ ਪਿੰਡ-ਪਿੰਡ ਜੱਗਾ ਮੁਹਿੰਮ ਤਹਿਤ ਨੇੜਲੇ ਪਿੰਡ ਸ਼ਾਮਦੋ ਕੈਂਪ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਸਮੇਤ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਪਿੰਡ ਵਿਚ ਫੈਲੀ ਗੰਦਗੀ ਤੇ ਸੀਵਰੇਜ ਪ੍ਰਬੰਧਾਂ ਦੀ ਮਾੜੀ ਹਾਲਤ ਤੇ ਚਿੰਤਾ ਜਤਾਈ। ਜਗਦੀਸ਼ ਜੱਗਾ ਨੇ ਕਿਹਾ ਕਿ ਸ਼ਾਮਦੋ ਕੈਂਪ ਵਿਚ ਨਾਲੀਆਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗੰਦਾ ਤੇ ਬਦਬੂਦਾਰ ਪਾਣੀ ਗਲੀਆਂ ਅਤੇ ਸੜਕਾਂ ਤੇ ਖੜ੍ਹਾ ਹੈ। ਕਈ ਘਰਾਂ ਵਿਚ ਵੀ ਸੀਵਰੇਜ ਦਾ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਨਰਕ ਵਰਗੇ ਹਾਲਾਤ ’ਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀ ਇਕਲੌਤੀ ਧਰਮਸ਼ਾਲਾ ਵੀ ਗੰਦੇ ਪਾਣੀ ਨਾਲ ਭਰੀ ਹੋਣ ਕਾਰਨ ਵਰਤੋਂ ਯੋਗ ਨਹੀਂ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਬਣਨ ਤੋਂ ਬਾਅਦ ਹਲਕੇ ਦੀ ਵਿਧਾਇਕਾ ਵੱਲੋਂ ਪਿੰਡ ਦੀਆਂ ਮੁੱਢਲੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜੱਗਾ ਨੇ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਕਿਸੇ ਵੀ ਸਮੇਂ ਡਾਇਰੀਆ ਤੇ ਹੋਰ ਛੂਤ ਦੀਆਂ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਯਾਦ ਕਰਵਾਇਆ ਕਿ ਕੁਝ ਸਾਲ ਪਹਿਲਾਂ ਵੀ ਇਸੇ ਤਰ੍ਹਾਂ ਦੀ ਸਥਿਤੀ ਕਾਰਨ ਪਿੰਡ ਵਿਚ ਡਾਇਰੀਆ ਫੈਲਿਆ ਸੀ, ਜਿਸ ਨਾਲ ਮੌਤਾਂ ਵੀ ਹੋਈਆਂ ਸਨ ਤੇ ਕਈ ਲੋਕ ਬਿਮਾਰ ਹੋ ਗਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਕਾਰਨ ਉਨ੍ਹਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ, ਜਦਕਿ ਰਾਤ ਸਮੇਂ ਕਈ ਰਾਹਗੀਰ ਪਾਣੀ ’ਚ ਡਿੱਗ ਕੇ ਜ਼ਖ਼ਮੀ ਵੀ ਹੋ ਚੁੱਕੇ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਬੀਡੀਪੀਓ ਰਾਜਪੁਰਾ ਤੇ ਸਥਾਨਕ ਪ੍ਰਸ਼ਾਸਨ ਨੇ ਜਲਦੀ ਹਾਲਾਤ ਵਿਚ ਸੁਧਾਰ ਨਾ ਕੀਤਾ ਤਾਂ ਭਾਜਪਾ ਪਿੰਡ ਵਾਸੀਆਂ ਨਾਲ ਮਿਲ ਕੇ ਸਬੰਧਤ ਵਿਭਾਗ ਦੇ ਦਫ਼ਤਰ ਦਾ ਘਿਰਾਓ ਅਤੇ ਲੋੜ ਪਈ ਤਾਂ ਸੜਕ ਜਾਮ ਕਰਕੇ ਸੰਘਰਸ਼ ਕਰੇਗੀ। ਇਸ ਮੌਕੇ ਰੁਪਿੰਦਰ ਸਿੰਘ ਸੰਧੂ, ਪ੍ਰਦੀਪ ਨੰਦਾ, ਦਲਵੀਰ ਸਿੰਘ ਭੰਗੂ, ਐਡਵੋਕੇਟ ਪਰਮਵੀਰ ਚੌਧਰੀ, ਸੋਨੂ ਡਾਲੀਮਾ ਵਿਹਾਰ ਸਮੇਤ ਭਾਜਪਾ ਆਗੂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।