- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਭਲਾਈ ਫੰਡਾਂ ’ਤੇ ਸਰਕਾਰ ਵੱਲੋਂ ਅੱਖ ਰੱਖਣੀ ਮੰਦਭਾਗੀ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਵਿਧਾਨ ਸਭਾ ਹਲਕਾ ਸ਼ੁਤਰਾਣਾ ਤੋਂ ਕਾਂਗਰਸ ਪਾਰਟੀ ਦੀ ਸੰਭਾਵੀ ਉਮੀਦਵਾਰ ਬੀਬੀ ਪਲਵਿੰਦਰ ਕੌਰ ਹਰਿਆਊ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਬਹੁ-ਤਕਨੀਕੀ ਕਾਲਜਾਂ ਦੇ ਵਿਦਿਆਰਥੀ ਭਲਾਈ ਫੰਡ ਸਰਕਾਰੀ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਕਰਨ ’ਚ ਨਾਕਾਮ ਸਾਬਤ ਹੋ ਰਹੀ ਹੈ। ਬੀਬੀ ਹਰਿਆਊ ਨੇ ਕਿਹਾ ਕਿ ਪੰਜਾਬ ਦੇ 26 ਸਰਕਾਰੀ ਬਹੁ-ਤਕਨੀਕੀ ਕਾਲਜਾਂ ਵਿੱਚ ਪੜ੍ਹਦੇ 8,812 ਵਿਦਿਆਰਥੀਆਂ ਦੀ ਭਲਾਈ ਤੇ ਕਾਲਜਾਂ ਦੇ ਵਿਕਾਸ ਲਈ ਰੱਖੇ 36 ਕਰੋੜ ਰੁਪਏ ਦੇ ਫੰਡਾਂ ਨੂੰ ਸਰਕਾਰੀ ਖ਼ਜ਼ਾਨੇ ਵਿੱਚ ਤਬਦੀਲ ਕਰਨ ਦਾ ਫ਼ੈਸਲਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਰਕਮ ਵਿਦਿਆਰਥੀਆਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਭਵਿੱਖ ਨਾਲ ਜੁੜੀ ਹੋਈ ਹੈ। ਉਨ੍ਹਾਂ ਅਨੁਸਾਰ ਇਹ ਫੰਡ ਕਾਲਜਾਂ ਦੀਆਂ ਲੈਬਾਰਟਰੀਆਂ, ਵਰਕਸ਼ਾਪਾਂ, ਖੇਡਾਂ, ਮੈਡੀਕਲ ਸਹੂਲਤਾਂ, ਸੈਮੀਨਾਰਾਂ, ਵਿਦਿਅਕ ਟੂਰਾਂ ਅਤੇ ਹੋਰ ਵਿਕਾਸ ਕਾਰਜਾਂ ਲਈ ਵਰਤੇ ਜਾਂਦੇ ਹਨ। ਸਰਕਾਰ ਸਪੱਸ਼ਟ ਕਰੇ ਕਿ ਇਨ੍ਹਾਂ ਫੰਡਾਂ ਨੂੰ ਖ਼ਜ਼ਾਨੇ ’ਚ ਜਮ੍ਹਾਂ ਕਰਵਾਉਣ ਦੀ ਲੋੜ ਕਿਉਂ ਪਈ ਹੈ ਅਤੇ ਭਵਿੱਖ ਵਿੱਚ ਕਾਲਜਾਂ ਨੂੰ ਲੋੜ ਪੈਣ ’ਤੇ ਰਕਮ ਕੌਣ ਮੁਹੱਈਆ ਕਰਵਾਏਗਾ। ਉਨ੍ਹਾਂ ਐੱਫ.ਡੀ. ਸਮੇਂ ਤੋਂ ਪਹਿਲਾਂ ਤੁੜਵਾਉਣ ਕਾਰਨ ਵਿਆਜ ਦੇ ਸੰਭਾਵੀ ਨੁਕਸਾਨ ਬਾਰੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਭਲਾਈ ਲਈ ਇਕੱਠੀ ਕੀਤੀ ਰਕਮ ਉਨ੍ਹਾਂ ਦੀਆਂ ਸਹੂਲਤਾਂ ’ਤੇ ਹੀ ਖ਼ਰਚ ਹੋਣੀ ਚਾਹੀਦੀ ਹੈ। ਇਸ ਮੌਕੇ ਕਸ਼ਮੀਰ ਸਿੰਘ, ਜਗਮੇਲ ਸਿੰਘ ਜੱਗਾ, ਬਲਜਿੰਦਰ ਸਿੰਘ, ਮੱਖਣ ਸਿੰਘ, ਸੱਤਨਾਮ ਸਿੰਘ, ਸੋਨੀ ਕਾਲਾ, ਲਖਵਿੰਦਰ ਸਿੰਘ, ਜਸਵੀਰ ਸਿੰਘ ਅਤੇ ਕਾਲਾ ਸਿੰਘ ਹਾਜ਼ਰ ਸਨ।