ਸਾਉਣ ਦੇ ਮਹੀਨੇ ’ਚ ਮੀਂਹ ਦੇ ਸ਼ਰਾਟਿਆਂ ਨੂੰ ਤਰਸਿਆ ਸੰਗਰੂਰ ਸੰਗਰੂੁਰ ’ਚ ਨਹੀਂ ਪੈ ਰਿਹਾ ਮੀਂਹ, ਇਹ ਹੈ ਸਾਉਣ ਲੋਕਾਂ ਨੂੰ ਨਹੀਂ ਆ ਰਿਹਾ ਯਕੀਨ
Publish Date: Sat, 01 Aug 2026 04:19 PM (IST)
Updated Date: Sun, 02 Aug 2026 04:01 AM (IST)
ਰੋਜ਼ਾਨਾ ਅਸਮਾਨ ’ਤੇ ਬੱਦਲ ਆਉਂਦੇ, ਬਿਨਾਂ ਮੀਂਹ ਵਰ੍ਹਾਏ ਲੰਘ ਜਾਂਦੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬੇਸ਼ੱਕ ਸ਼ਨਿੱਚਰਵਾਰ ਨੂੰ ਅੱਧਾ ਸਾਉਣ ਲੰਘ ਚੁੱਕਾ ਹੈ, ਪ੍ਰੰਤੂ ਸੰਗਰੂਰ ਦੀ ਧਰਤੀ ਹਾਲੇ ਵੀ ਬਾਰਿਸ਼ ਦੀ ਉਡੀਕ ’ਚ ਸੁੱਕੀ ਪਈ ਹੈ ਤੇ ਲੋਕਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਇਹ ਸਾਉਣ ਦਾ ਮਹੀਨਾ ਹੈ। ਲੋਕਾਂ ਦਾ ਮੰਨਣਾ ਹੈ ਕਿ ਸਾਉਣ ਦਾ ਸੁੱਕਾ ਹੀ ਲੰਘਣਾ ਕੋਈ ਚੰਗਾ ਸੰਕੇਤ ਨਹੀਂ ਹੈ। ਅਜਿਹਾ ਵੀ ਨਹੀਂ ਹੈ ਕਿ ਅਸਮਾਨ ’ਤੇ ਬੱਦਲ ਨਹੀਂ ਆਉਂਦੇ, ਰੋਜ਼ਾਨਾ ਸਵੇਰ ਵੇਲੇ ਅਸਮਾਨ ’ਤੇ ਬੱਦਲ ਸੰਘਣੇ ਬਣਦੇ ਹਨ, ਪਰ ਬਿਨਾਂ ਮੀਂਹ ਵਰ੍ਹਾਏ ਹੀ ਲੰਘ ਜਾਂਦੇ ਹਨ। ਜੇਕਰ ਬਾਰਿਸ਼ ਦੇ ਅਸਾਰ ਵੀ ਬਣਦੇ ਹਨ ਤਾਂ ਚਾਰ ਛਿੱਟਾਂ ਸੁੱਟ ਕੇ ਬੱਦਲ ਲੰਘ ਜਾਂਦੇ ਹਨ ਤੇ ਹੁੰਮਸ ਨੂੰ ਹੋਰ ਵਧਾ ਦਿੰਦੇ ਹਨ। ਸ਼ਨਿੱਚਰਵਾਰ ਨੂੰ ਸੰਗਰੂਰ ਦਾ ਵੱਧੋ ਵੱਧ ਤਾਪਮਾਨ 35 ਡਿਗਰੀ ਤੇ ਘੱਟੋ ਘੱਟ ਤਾਪਮਾਨ 27 ਡਿਗਰੀ ਦਰਜ ਕੀਤਾ ਗਿਆ। ਅਸਮਾਨ ’ਤੇ ਬੱਦਲ ਵੀ ਸਾਰਾ ਦਿਨ ਬਣੇ ਰਹੇ ਪ੍ਰੰਤੂ ਗਰਮੀ ਦਾ ਪ੍ਰਕੋਪ ਵੀ ਉਸੇ ਤਰ੍ਹਾਂ ਬਰਕਰਾਰ ਰਿਹਾ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ 17 ਸਾਉਣ ਦਾ ਦਿਨ ਸੀ। ਅਸਮਾਨ ’ਤੇ ਬੱਦਲ ਬਣੇ, ਜੋ ਬਾਰਿਸ਼ ਕਰਨ ਦੀ ਬਜਾਏ ਹੁੰਮਸ ਨੂੰ ਹੋਰ ਵੀ ਵਧਾ ਰਹੇ ਸਨ। ਧੁੱਪ ਦਾ ਪ੍ਰਕੋਪ ਨਹੀਂ ਸੀ ਪਰ ਬੱਦਲਾਂ ਨਾਲ ਮੌਸਮ ਵਿੱਚ ਵਧੀ ਹੁੰਮਸ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖਿਆ। ਹਾਲਾਤ ਇਹ ਹਨ ਕਿ ਦੁਪਹਿਰ ਸਮੇਂ ਬਾਜ਼ਾਰ ਤੇ ਗਲੀਆਂ ਸੁੰਨੀਆਂ ਨਜ਼ਰ ਆਈਆਂ। ਲੋਕ ਸਿਰਫ ਜ਼ਰੂਰੀ ਕੰਮ ਲਈ ਹੀ ਘਰੋਂ ਬਾਹਰ ਨਿਕਲਦੇ ਹਨ। ਸ਼ਹਿਰ ਦੇ ਮੁੱਖ ਬਾਜ਼ਾਰ ਧੂਰੀ ਗੇਟ, ਪਟਿਆਲਾ ਗੇਟ, ਸੁਨਾਮੀ ਗੇਟ ਤੇ ਨਾਭਾ ਗੇਟ ਪੂਰੀ ਤਰ੍ਹਾਂ ਸੁੰਨਸਾਨ ਜਿਹੇ ਜਾਪ ਰਹੇ ਸਨ। ਬਾਜ਼ਾਰਾਂ ਵਿੱਚ ਲੋਕਾਂ ਦੀ ਆਮਦ ਘੱਟ ਹੋਣ ਕਾਰਨ ਦੁਕਾਨਦਾਰ ਵੀ ਵਿਹਲੇ ਬੈਠਕੇ ਆਪਣਾ ਸਮਾਂ ਲੰਘਾਉਂਦੇ ਨਜ਼ਰ ਆਏ। ਹਾਲਾਂਕਿ, ਦਿਨ ਢਲਣ ਦੇ ਨਾਲ ਲੋਕਾਂ ਦੀ ਬਜ਼ਾਰ ਵਿੱਚ ਆਮਦ ਜਰੂਰ ਵੇਖਣ ਨੂੰ ਮਿਲਦੀ ਹੈ। ਗਰਮੀ ’ਚ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਵਧੀ ਪਰੇਸ਼ਾਨੀ ਸਫ਼ਾਈ ਸੇਵਕਾਂ ਦੀ ਪਿਛਲੇ 24 ਦਿਨਾਂ ਤੋ ਹੜਤਾਲ ਕਾਰਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ। ਗਰਮੀ ਦੇ ਸਤਾਏ ਲੋਕਾਂ ਦੀ ਪ੍ਰੇਸ਼ਾਨੀ ਇਹ ਕੂੜੇ ਦੇ ਢੇਰਾਂ ਨੇ ਹੋਰ ਵਧਾ ਦਿੱਤੀ ਹੈ। ਕਿਉਂਕਿ ਕਈ ਦਿਨਾਂ ਤੋ ਕੂੜਾ ਨਾ ਚੁੱਕੇ ਜਾਣ ਕਾਰਨ ਚਾਰੇ ਪਾਸੇ ਬਦਬੂ ਫੈਲਣੀ ਸ਼ੁਰੂ ਹੋ ਗਈ ਅਤੇ ਲੋਕਾਂ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵਧ ਗਿਆ ਹੈ। ਸ਼ਹਿਰ ਵਾਸੀ ਸੁਮਨ ਰਾਣੀ, ਕਮਲੇਸ਼, ਸੰਗੀਤਾ ਅਤੇ ਰਾਜ ਰਾਣੀ ਦਾ ਕਹਿਣਾ ਹੈ ਕਿ ਜੇਕਰ ਛੇਤੀ ਸੜਕਾਂ ਤੋਂ ਕੂੜਾ ਨਾ ਚੁੱਕਿਆ ਗਿਆ ਤਾਂ ਸ਼ਹਿਰ ਵਿੱਚ ਕੋਈ ਭਿਆਨਕ ਬਿਮਾਰੀ ਫੈਲਣ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਅਤੇ ਜੇਕਰ ਬਾਰਿਸ਼ ਹੁੰਦੀ ਹੈ ਤਾਂ ਇਹ ਸਮੱਸਿਆ ਹੋਰ ਵਧ ਜਾਵੇਗੀ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਕਾਰਨ ਸਾਰੇ ਸ਼ਹਿਰ ਦਾ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਿਨੀ ਛੇਤੀ ਹੋ ਸਕੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ ਕਰੇ ਅਤੇ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਕੂੜੇ ਦੇ ਢੇਰਾਂ ਤੋ ਰਾਹਤ ਦਿਵਾਈ ਜਾਵੇ।