ਜੀਵਨ ’ਚ ਸਫ਼ਲਤਾ ਲਈ ਚੰਗਾ ਵਿਵਹਾਰ ਜ਼ਰੂਰੀ : ਘੁੰਨਸ
ਸੰਸਾਰੀ ਵਿਉਪਾਰ ਦੇ ਨਾਲ ਨਿਰੰਕਾਰੀ ਵਿਉਪਾਰ ਦੀ ਅਹਿਮੀਅਤ ਸਮਝਣੀ ਜ਼ਰੂਰੀ : ਸੰਤ ਘੁੰਨਸ
Publish Date: Wed, 18 Nov 2026 04:34 PM (IST)
Updated Date: Wed, 18 Nov 2026 04:36 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ਼ੇਰਪੁਰ : ਮਨੁੱਖੀ ਜੀਵਨ ਵਿੱਚ ਸੰਸਾਰੀ ਅਤੇ ਨਿਰੰਕਾਰੀ ਵਪਾਰ ਦੋਵਾਂ ਦੀ ਅਹਿਮ ਭੂਮਿਕਾ ਹੈ, ਪਰ ਬਹੁਤੇ ਲੋਕ ਸੰਸਾਰੀ ਵਪਾਰ ਨੂੰ ਤਰਜੀਹ ਦਿੰਦਿਆਂ ਨਿਰੰਕਾਰੀ ਪੱਖ ਨੂੰ ਭੁੱਲ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਿੱਧ ਢਾਡੀ ਐਨਆਰਆਈ ਕਰਨੈਲ ਸਿੰਘ ਸ਼ੇਰਪੁਰੀ ਕੈਨੇਡਾ ਦੇ ਗ੍ਰਹਿ ਵਿਖੇ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰੀ ਜੀਵਨ ਵਿੱਚ ਸਫ਼ਲਤਾ ਲਈ ਮਾਇਆ, ਚੰਗਾ ਵਿਵਹਾਰ ਅਤੇ ਇਮਾਨਦਾਰੀ ਜ਼ਰੂਰੀ ਹਨ, ਜਦਕਿ ਨਿਰੰਕਾਰੀ ਵਿਉਪਾਰ ਲਈ ਗੁਰੂ ਪ੍ਰਤੀ ਸਮਰਪਣ, ਨਿਮਰਤਾ, ਤਿਆਗ, ਪਰਉਪਕਾਰ, ਨਿਸ਼ਕਾਮ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਰਨੈਲ ਸਿੰਘ ਸ਼ੇਰਪੁਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਢਾਡੀ ਕਲਾ, ਲੇਖਣੀ, ਗਾਇਕੀ ਅਤੇ ਸਰੰਗੀ ਵਾਦਨ ਰਾਹੀਂ ਗੁਰਬਾਣੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਦਿਆਂ ਸੰਸਾਰ ਭਰ ਵਿੱਚ ਨਾਮਣਾ ਖੱਟਿਆ ਹੈ। ਇਸ ਮੌਕੇ ਸੁਭਦੀਪ ਸਿੰਘ ਤੂਰ ਕੈਨੇਡਾ, ਚਮਕੌਰ ਸਿੰਘ ਸੇਖੋਂ, ਰਘਵਿੰਦਰ ਸਿੰਘ ਢੰਡਾ ਅਤੇ ਜਸਵਿੰਦਰ ਸਿੰਘ ਲੱਧੜ ਵੀ ਮੌਜੂਦ ਸਨ।