ਮਾਵਾਂ, ਭੈਣਾਂ, ਧੀਆਂ ਦਾ ਅਪਮਾਨ ਨਹੀਂ ਕੀਤਾ ਜਾਵੇਗਾ ਬਰਦਾਸ਼ਤ : ਧਮੌਲੀ
ਮਾਵਾਂ, ਭੈਣਾਂ, ਧੀਆਂ ਦਾ ਅਪਮਾਨ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਧਮੌਲੀ
Publish Date: Thu, 22 Oct 2026 06:04 PM (IST)
Updated Date: Thu, 22 Oct 2026 06:06 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਬਾਰੇ ਦਿੱਤੇ ਗਏ ਬਿਆਨ ਨਾਲ ਔਰਤਾਂ ਦੇ ਮਾਨ ਸਨਮਾਨ ਨੂੰ ਡੂੰਘੀ ਠੇਸ ਪਹੁੰਚੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਪਾਰ ਮੰਡਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਧਮੌਲੀ ਵੱਲੋਂ ਕਰਦਿਆਂ ਕੀਤਾ ਗਿਆ। ਚੇਅਰਮੈਨ ਧਮੌਲੀ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਦਾ ਇਹ ਕਹਿਣਾ ਕਿ ਮਾਨ ਸਰਕਾਰ 1,000 ਅਤੇ 1,500 ਦੀ ਸਨਮਾਨ ਰਾਸ਼ੀ ਦੇ ਕੇ ਮਾਵਾਂ, ਧੀਆਂ ਨੂੰ ਖਰੀਦਣਾ ਚਾਹੁੰਦੀ ਹੈ, ਔਰਤਾਂ ਦੇ ਮਾਣ ਸਨਮਾਨ ਨੂੰ ਡੂੰਘੀ ਸੱਟ ਮਾਰਨ ਵਾਲਾ ਬਿਆਨ ਹੈ, ਜੋ ਕਿ ਆਪ ਦੇ ਰਾਜਸੀ ਵਿਰੋਧੀਆਂ ਦੀ ਔਰਤਾਂ ਪ੍ਰਤੀ ਰਾਜਸੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਧਮੋਲੀ ਨੇ ਕਿਹਾ ਕਿ ਪੰਜਾਬ ਦੀਆਂ ਮਾਵਾਂ, ਭੈਣਾਂ, ਧੀਆਂ ਦੇ ਅਪਮਾਨ ਨੂੰ ਆਪ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ, ਜਿਸ ਨੇ ਔਰਤਾਂ ਨੂੰ ਆਰਥਿਕ ਤੌਰ ’ਤੇ ਸਮਰੱਥ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਕੀਰਤਨ ਸਿੰਘ ਸਿਹਰਾ, ਮਨੀਸ਼ ਸੂਦ, ਹਰਵਿੰਦਰ ਸਿੰਘ ਵਾਲੀਆ ਸਮੇਤ ਆਮ ਆਦਮੀ ਪਾਰਟੀ ਵਰਕਰ ਹਾਜ਼ਰ ਸਨ।