ਕਾਮਨਵੇਲਥ ਚੈਂਪੀਅਨਸ਼ਿਪ ’ਚ ਭਾਰਤ ਨੂੰ ਕਾਂਸਾ ਕਾਮਨਵੇਲਥ ਚੈਂਪੀਅਨਸ਼ਿਪ ਵਿੱਚ ਭਾਰਤ ਨੂੰ ਕਾਂਸੀ
Publish Date: Thu, 13 Aug 2026 09:34 PM (IST)
Updated Date: Fri, 14 Aug 2026 04:06 AM (IST)
ਪਟਿਆਲਾ ਦੇ ਅਰਜੁਨ ਨੇ ਵਧਾਇਆ ਦੇਸ਼ ਦਾ ਮਾਣ ਫੋਟੋ : 13ਪੀਟੀਐਲ : 14,15 ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਨਾਈਜੀਰੀਆ ’ਚ ਸੰਪੰਨ ਹੋਈ ਕਾਮਨਵੇਲਥ ਚੈਂਪੀਅਨਸ਼ਿਪ ਦੇ ਆਖਰੀ ਦਿਨ ਭਾਰਤੀ ਖੇਡ ਜਗਤ ਲਈ ਮਾਣ ਦਾ ਪਲ ਆਇਆ। ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫੋਇਲ ਕੈਟਾਗਿਰੀ ਈਵੈਂਟ ’ਚ ਕਾਂਸਾ ਮੈਡਲ ਆਪਣੇ ਨਾਮ ਕੀਤਾ। ਇਸ ਪ੍ਰਾਪਤੀ ’ਚ ਪਟਿਆਲਾ ਵਾਸੀ ਅਰਜੁਨ ਨੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਅਹਿਮ ਭੂਮਿਕਾ ਨਿਭਾਈ। ਭਾਰਤੀ ਟੀਮ ਨੇ ਆਸਟ੍ਰੇਲੀਆ ਤੇ ਵੇਲਜ਼ ਦੀਆਂ ਟੀਮਾਂ ਨੂੰ ਹਰਾ ਕੇ ਫੋਇਲ ਕੈਟੇਗਰੀ ’ਚ ਬ੍ਰੌਂਜ਼ ਮੈਡਲ ਹਾਸਲ ਕੀਤਾ। ਖਾਸ ਗੱਲ ਇਹ ਹੈ ਕਿ ਇਹ ਅਰਜੁਨ ਦਾ ਪਹਿਲਾ ਅੰਤਰਰਾਸ਼ਟਰੀ ਤਗਮਾ ਹੈ। ਅਰਜੁਨ ਇਸ ਤੋਂ ਪਹਿਲਾਂ ਉਹ ਏਸ਼ੀਅਨ ਗੇਮਜ਼ ਤੇ ਵਰਲਡ ਚੈਂਪੀਅਨਸ਼ਿਪ ਵਰਗੀਆਂ ਵੱਡੀਆਂ ਅੰਤਰਰਾਸ਼ਟਰੀ ਪ੍ਰਤੀਯੋਗਤਾਵਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ। ਸੀਨੀਅਰ ਨੈਸ਼ਨਲ ਪੱਧਰ ਤੇ ਵੀ ਅਰਜੁਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਹ ਹੁਣ ਤੱਕ ਲਗਭਗ 10 ਵਿਅਕਤੀਗਤ ਅਤੇ 12 ਟੀਮ ਈਵੈਂਟਾਂ ਵਿੱਚ ਮੈਡਲ ਜਿੱਤ ਚੁੱਕੇ ਹਨ। ਅਰਜੁਨ ਇਸ ਵੇਲੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿੱਚ ਕੋਚ ਵਜੋਂ ਸੇਵਾਵਾਂ ਦੇ ਰਹੇ ਹਨ। ਇੱਕ ਪਾਸੇ ਉਹ ਖੁਦ ਅੰਤਰਰਾਸ਼ਟਰੀ ਪੱਧਰ ਤੇ ਮੁਕਾਬਲਾ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਉੱਭਰਦੇ ਖਿਡਾਰੀਆਂ ਨੂੰ ਫੈਂਸਿੰਗ ਦੀਆਂ ਬਾਰੀਕੀਆਂ ਸਿਖਾ ਕੇ ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾ ਰਹੇ ਹਨ। ਅਰਜੁਨ ਨੇ ਦੱਸਿਆ ਕਿ ਉਨ੍ਹਾਂ ਲਗਭਗ ਅੱਠ ਸਾਲ ਦੀ ਉਮਰ ’ਚ ਫੈਂਸਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਉਨ੍ਹਾਂ ਨੂੰ ਇਸ ਖੇਡ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਟਿਆਲਾ ਸਥਿਤ ਐੱਨਆਈਐਸ ਵਿੱਚ ਫੈਂਸਿੰਗ ਦਾ ਖੇਡ ਦਿਖਾਉਣ ਲਈ ਲੈ ਕੇ ਗਏ ਸਨ। ਇੱਥੋਂ ਹੀ ਉਨ੍ਹਾਂ ਦੇ ਮਨ ’ਚ ਫੈਂਸਿੰਗ ਪ੍ਰਤੀ ਰੁਚੀ ਪੈਦਾ ਹੋਈ ਅਤੇ ਉਨ੍ਹਾਂ ਨੇ ਇਸ ਖੇਡ ਨੂੰ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। ਲਗਭਗ ਅੱਠ ਸਾਲ ਦੀ ਉਮਰ ਵਿੱਚ ਸ਼ੁਰੂ ਹੋਇਆ ਇਹ ਸਫ਼ਰ ਹੁਣ ਅੰਤਰਰਾਸ਼ਟਰੀ ਤਗਮੇ ਤੱਕ ਪਹੁੰਚ ਚੁੱਕਾ ਹੈ।