ਹਲਕਾ ਸ਼ੁਤਰਾਣਾ ’ਚ ਦੋ ਮਾਡਲ ਖੇਡ ਗਰਾਊਂਡਾਂ ਦਾ ਉਦਘਾਟਨ ਹਲਕਾ ਸ਼ੁਤਰਾਣਾ ’ਚ ਦੋ ਮਾਡਲ ਖੇਡ ਗਰਾਊਂਡਾਂ ਦਾ ਉਦਘਾਟਨ
Publish Date: Sat, 11 Jul 2026 04:58 PM (IST)
Updated Date: Sun, 12 Jul 2026 04:03 AM (IST)
ਫੋਟੋ 11ਪੀਟੀਐਲ: 21: * ‘ਆਪ’ ਸਰਕਾਰ ਨੌਜਵਾਨਾਂ ਦੀ ਬੇਹਤਰੀ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ : ਵਿਧਾਇਕ ਬਾਜ਼ੀਗਰ ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ ਪਾਤੜਾਂ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬਣਾਏ ਜਾ ਰਹੇ ਮਾਡਲ ਖੇਡ ਗਰਾਉਂਡਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ ਤੇ ਸਧਾਰਨਪੁਰ ਵਿੱਚ ਬਣਾਏ ਗਏ ਦੋ ਮਾਡਲ ਖੇਡ ਗਰਾਊਂਡਾਂ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਰਕਾਰ ਨੌਜਵਾਨਾਂ ਦੀ ਬੇਹਤਰੀ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਉਦਘਾਟਨੀ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਰੰਗਲਾ ਪੰਜਾਬ ਸਿਰਜਣ ਦੀ ਲੜੀ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਮਾਡਲ ਖੇਡ ਗਰਾਊਂਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਗੁਲਾਹੜ ਵਿੱਚ 42.71 ਲੱਖ ਰੁਪਏ ਅਤੇ ਸਧਾਰਨਪੁਰ ਵਿੱਚ 50.34 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਮਾਡਲ ਖੇਡ ਗਰਾਉਂਡਾਂ ਵਿੱਚ ਨੌਜਵਾਨਾਂ ਨੂੰ ਉਹ ਉਪਲਬਧ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ’ਚ ਵਾਲੀਬਾਲ, ਗਰਾਊਂਡ, ਚਾਰਦੀਵਾਰੀ, ਸਬਮਰਸੀਬਲ ਬੋਰ, ਬਾਥਰੂਮ, ਪਖਾਨੇ, ਫੁਟ ਲਾਈਟਾਂ, ਹਾਈ ਵੋਲਟੇਜ ਲਾਈਟਾਂ, ਫੁਹਾਰਾ ਸਿਸਟਮ, ਖੇਡ ਗਰਾਊਂਡ ਦਾ ਸ਼ਾਨਦਾਰ ਮੁੱਖ ਦੁਆਰ, ਛੋਟੇ ਬੱਚਿਆਂ ਦੇ ਖੇਡਣ ਲਈ ਝੂਲੇ, ਬੈਠਣ ਲਈ ਬੈਂਚ, ਦੌੜਨ ਲਈ ਟਰੈਕ ਬਣਾਉਣ ਦੇ ਨਾਲ ਨਾਲ ਖੇਡ ਗਰਾਊਂਡ ਨੂੰ ਖੂਬਸੂਰਤ ਅਤੇ ਛਾਂਦਾਰ ਬਣਾਉਣ ਲਈ ਸਜਾਵਟੀ ਪੌਦੇ ਲਗਾਏ ਗਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਹੀ ਇੱਕੋ ਇੱਕ ਸਾਧਨ ਹਨ ਜਿਸ ਨਾਲ ਜਿੱਥੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ ਉੱਥੇ ਤੰਦਰੁਸਤੀ ਨੂੰ ਬਹਾਲ ਰੱਖਿਆ ਜਾ ਸਕਦਾ ਹੈ। ਉਹਨਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਹਰ ਪੱਖ ਤੋਂ ਕਮਜ਼ੋਰ ਕੀਤਾ ਜਦੋਂ ਕਿ ਆਪ ਸਰਕਾਰ ਰੰਗਲਾ ਪੰਜਾਬ ਸਿਰਜਣ ਲਈ ਵਚਨਬੱਧ ਹੈ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਕੇਪੀ ਸ਼ਰਮਾ, ਸਰਪੰਚ ਗੁਲਾਹੜ ਦਰਸ਼ਨ ਸਿੰਘ, ਪੰਚ ਧਿਆਨ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਗੁਰਲਾਲ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਸਰਪੰਚ ਸੁਖਵੰਤ ਸਿੰਘ, ਟਹਿਲ ਸਿੰਘ ਸਰਪੰਚ ਸਧਾਰਨਪੁਰ, ਕਾਰਜ ਸਿੰਘ ਬਕਰਾਹਾ, ਸਰਪੰਚ ਮਾਲਕ ਸਿੰਘ ਤਰਲੋਚਨ ਸਿੰਘ ਜੈਖਰ, ਸਰਪੰਚ ਗੁਰਜੀਤ ਮੱਲੀ, ਸਰਪੰਚ ਵਿਕਰਮ ਸਿੰਘ ਡਰੋਲੀ ਅਤੇ ਚਰਨ ਸਿੰਘ ਮੋਮੀਆ ਆਦਿ ਹਾਜ਼ਰ ਸਨ।