- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਗਵਾਨ ਸਾਡੇ ਵੱਲ ਹੈ ਤਾਂ ਡਰਨ ਵਾਲੀ ਕਿਹੜੀ ਗੱਲ ਹੈ : ਸਾਧਵੀ ਉਮਾ ਭਾਰਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਸਥਾਨਕ ਆਸ਼ਰਮ ਵਿਖੇ ਸਪਤਾਹਿਕ ਸਤਿਸੰਗ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਭਗਵਾਨ ਸਾਡੇ ਵੱਲ ਹੈ ਤਾਂ ਡਰਨ ਵਾਲੀ ਕਿਹੜੀ ਗੱਲ ਹੈ’ ਭਜਨ ਨਾਲ ਕੀਤੀ ਗਈ। ਇਸ ਮੌਕੇ ਦਿਵਯ ਗੁਰੂ ਸ੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਉਮਾ ਭਾਰਤੀ ਨੇ ਸੰਗਤ ਨੂੰ ਸੰਬੋਧਨ ਕੀਤਾ। ਸਾਧਵੀ ਉਮਾ ਭਾਰਤੀ ਨੇ ਕਿਹਾ ਕਿ ਬਾਹਰੋਂ ਮਨੁੱਖ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਅਤੇ ਨਿਡਰ ਦਿਖਾਈ ਦੇਵੇ, ਪਰ ਅੰਦਰੋਂ ਕਿਸੇ ਨਾ ਕਿਸੇ ਡਰ ਨਾਲ ਗ੍ਰਸਤ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿਚ ਸਮੇਂ ਦੇ ਨਾਲ ਮਨੁੱਖ ਦੇ ਡਰ ਵੀ ਵਧਦੇ ਜਾਂਦੇ ਹਨ। ਵਿਦਿਆਰਥੀ ਨੂੰ ਇਮਤਿਹਾਨਾਂ ਦਾ ਡਰ, ਨੌਕਰੀ ਦੀ ਚਿੰਤਾ, ਬੇਰੁਜ਼ਗਾਰੀ, ਅਸਫਲਤਾ, ਅਪਮਾਨ, ਇਕੱਲੇਪਣ ਤੇ ਆਪਣੀ ਪਦ-ਪ੍ਰਤਿਸ਼ਠਾ ਖੁੱਸਣ ਦਾ ਡਰ ਸਤਾਉਂਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਡਰ ਮਨ ਵਿਚ ਪੈਦਾ ਹੋਣ ਵਾਲੀ ਅਜਿਹੀ ਭਾਵਨਾ ਹੈ, ਜੋ ਮਨੁੱਖ ਨੂੰ ਦੁਵਿਧਾ ਵਿੱਚ ਪਾ ਦਿੰਦੀ ਹੈ। ਉਨ੍ਹਾਂ ਅਨੁਸਾਰ ਮਨੁੱਖ ਆਪਣੇ ਅਸਲ ਸਰੂਪ ਤੋਂ ਜਾਣੂ ਨਾ ਹੋਣ ਕਾਰਨ ਡਰਿਆ ਰਹਿੰਦਾ ਹੈ। ਜਦੋਂ ਮਨੁੱਖ ਨੂੰ ਆਪਣੇ ਅੰਦਰਲੇ ਸਰੂਪ ਅਤੇ ਪਰਮਾਤਮਾ ਨਾਲ ਆਪਣੇ ਸਬੰਧ ਦਾ ਬੋਧ ਹੋ ਜਾਂਦਾ ਹੈ ਤਾਂ ਉਹ ਡਰ ਤੋਂ ਮੁਕਤ ਹੋ ਸਕਦਾ ਹੈ। ਸਾਧਵੀ ਉਮਾ ਭਾਰਤੀ ਨੇ ਕਿਹਾ ਕਿ ਮਨੁੱਖ ਨੂੰ ਆਪਣੇ ਆਪ ਅਤੇ ਪਰਮਾਤਮਾ ’ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ। ਜਦੋਂ ਇਹ ਵਿਸ਼ਵਾਸ ਮਜ਼ਬੂਤ ਹੋ ਜਾਂਦਾ ਹੈ ਤਾਂ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਹਿੰਮਤ ਨਾਲ ਕੀਤਾ ਜਾ ਸਕਦਾ ਹੈ। ਇਸੇ ਲਈ ਕਿਹਾ ਗਿਆ ਹੈ ਕਿ ਜੇ ਭਗਵਾਨ ਸਾਡੇ ਵੱਲ ਹੈ ਤਾਂ ਡਰਨ ਵਾਲੀ ਕਿਹੜੀ ਗੱਲ ਹੈ। ਇਸ ਮੌਕੇ ਸਾਧਵੀ ਸਵਿਤਾ ਭਾਰਤੀ ਨੇ ਸੁੰਦਰ ਭਜਨਾਂ ਦਾ ਗਾਇਨ ਕਰਕੇ ਸੰਗਤ ਨੂੰ ਨਿਹਾਲ ਕੀਤਾ।