ਸਰਪੰਚ ਖ਼ਿਲਾਫ਼ ਦੂਜੇ ਦਿਨ ਵੀ ਭੁੱਖ ਹੜਤਾਲ ਜਾਰੀ
ਸਰਪੰਚ ਖਿਲਾਫ ਦੂਜੇ ਦਿਨ ਵੀ ਭੁੱਖ ਹੜਤਾਲ ਜਾਰੀ
Publish Date: Sat, 04 Apr 2026 03:44 PM (IST)
Updated Date: Sun, 05 Apr 2026 03:59 AM (IST)

ਸ਼ਾਮਲਾਤ ਜ਼ਮੀਨ ’ਚੋਂ ਦਲਿਤ ਮਜ਼ਦੂਰਾਂ ਨੂੰ ਹੱਕਾਂ ਤੋਂ ਵਾਂਝਾ ਰੱਖਣ ਦਾ ਵਿਰੋਧ 75 ਸਾਲ ਬਾਅਦ ਵੀ ਪੇਂਡੂ ਦਲਿਤਾਂ ਨੂੰ ਸਾਂਝੀਆਂ ਜ਼ਮੀਨਾਂ ’ਚੋਂ ਹੱਕ ਨਹੀਂ ਮਿਲੇ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਪਿੰਡ ਬੇਨੜਾ ਵਿਚ ਗ੍ਰਾਮ ਪੰਚਾਇਤ ਤੇ ਸਰਪੰਚ ਵੱਲੋਂ ਕੀਤੇ ਜਾ ਰਹੇ ਜਾਤ-ਪਾਤ ਵਿਤਕਰੇ ਤੇ ਸ਼ਾਮਲਾਤ ਜ਼ਮੀਨ ਵਿੱਚੋਂ ਦਲਿਤ ਮਜ਼ਦੂਰਾਂ ਨੂੰ ਹੱਕਾਂ ਤੋਂ ਵਾਂਝਾ ਰੱਖਣ ਦੇ ਵਿਰੋਧ ਵਿਚ ਦਲਿਤ ਮਜ਼ਦੂਰ ਦੂਜੇ ਦਿਨ ਲੜੀਵਾਰ ਭੁੱਖ ਹੜਤਾਲ ’ਤੇ ਬੈਠੇ ਰਹੇ। ਇਹ ਸੰਘਰਸ਼ ਸਤਿਗੁਰ ਰਵਿਦਾਸ ਤੇ ਸ਼ਹੀਦ ਬਾਬਾ ਜੀਵਨ ਸਿੰਘ ਗੁਰਸੰਗਤ ਦੀ ਅਗਵਾਈ ਹੇਠ ਚੱਲ ਰਿਹਾ ਹੈ। ਆਗੂਆਂ ਸੇਵਾਮੁਕਤ ਲੈਕਚਰਾਰ ਰਾਮ ਸਿੰਘ ਅਤੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਹੋਣ ਦੇ ਬਾਵਜੂਦ ਪੇਂਡੂ ਦਲਿਤਾਂ ਨੂੰ ਅਜੇ ਵੀ ਸਾਂਝੀਆਂ ਜ਼ਮੀਨਾਂ ਵਿੱਚੋਂ ਹੱਕ ਨਹੀਂ ਮਿਲੇ। ਉਨ੍ਹਾਂ ਦੋਸ਼ ਲਾਇਆ ਕਿ ਘੜੰਮ ਚੌਧਰੀਆਂ ਨੇ ਸਰਪੰਚ ਦੀ ਮਿਲੀਭਗਤ ਨਾਲ ਗੁਰਦੁਆਰੇ ਦੀ ਆੜ੍ਹ ਹੇਠ 80 ਸਾਲ ਪੁਰਾਣੀਆਂ ਰੂੜੀਆਂ ਤੇ ਪਥਵਾੜਿਆਂ ਵਾਲੀ ਥਾਂ ’ਤੇ ਗੈਰਕਾਨੂੰਨੀ ਬੁਰਜੀਆਂ ਗੱਡ ਦਿੱਤੀਆਂ ਹਨ, ਜੋ ਦਲਿਤ ਮਜ਼ਦੂਰਾਂ ਦੀ ਹੋਂਦ ’ਤੇ ਸਿੱਧਾ ਹਮਲਾ ਹੈ ਤੇ ਇਹ ਸਪਸ਼ਟ ਜਾਤੀਵਾਦ ਭੇਦਭਾਵ ਹੈ। ਸਾਬਕਾ ਬਲਾਕ ਸੰਮਤੀ ਮੈਂਬਰ ਦਰਬਾਰ ਸਿੰਘ ਤੇ ਹਰਦੀਪ ਸਿੰਘ ਕਾਕਾ ਨੇ ਕਿਹਾ ਕਿ ਪਿੰਡ ਵਿਚ ਲਗਭਗ 30 ਏਕੜ ਸ਼ਾਮਲਾਤ ਜ਼ਮੀਨ ’ਤੇ ਜ਼ਿੰਮੀਦਾਰਾਂ ਦੇ ਕਬਜ਼ੇ ਹਨ, ਜਿਨ੍ਹਾਂ ਖ਼ਿਲਾਫ਼ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜ਼ਿੰਮੀਦਾਰ ਇਕ ਪਾਸੇ ਵੱਡੀਆਂ ਜ਼ਮੀਨਾਂ ਦੇ ਮਾਲਕ ਹਨ ਤੇ ਦੂਜੇ ਪਾਸੇ ਸਾਂਝੀ ਜ਼ਮੀਨ ’ਤੇ ਵੀ ਕਬਜ਼ੇ ਕਰ ਕੇ ਫਾਇਦਾ ਲੈ ਰਹੇ ਹਨ, ਜਦਕਿ ਦਲਿਤ ਪਰਿਵਾਰਾਂ ਨੂੰ ਆਪਣੀ ਰੋਜ਼ਮਰਾ ਦੀ ਵਰਤੋਂ ਵਾਲੀ ਥਾਂ ਤੋਂ ਵੀ ਵਾਂਝਾ ਕੀਤਾ ਜਾ ਰਿਹਾ ਹੈ। ਜਗਤਾਰ ਸਿੰਘ ਬੇਨੜਾ ਨੇ ਦੱਸਿਆ ਕਿ ਜਦੋਂ ਮਜ਼ਦੂਰਾਂ ਨੇ ਕਬਜ਼ੇ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਤੇ ਜਾਤੀਸੂਚਕ ਗਾਲੀ-ਗਲੋਚ ਕੀਤੀ ਗਈ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲਖਵਿੰਦਰ ਸਿੰਘ ਅਤੇ ਬਲਕਾਰ ਸਿੰਘ ਨੇ ਕਿਹਾ ਕਿ ਇਹ ਉਹੀ ਪਿੰਡ ਹੈ ਜਿਸਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਮਪੀ ਹੋਣ ਸਮੇਂ ਗੋਦ ਲਿਆ ਸੀ, ਪਰ ਇੱਥੇ ਦੇ ਦਲਿਤ ਮਜ਼ਦੂਰ ਅਜੇ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਦੇ ਸੰਵਿਧਾਨਕ ਹੱਕਾਂ ਦੀ ਰਾਖੀ ਕੀਤੀ ਜਾਵੇ, ਗੈਰਕਾਨੂੰਨੀ ਕਬਜ਼ੇ ਹਟਾਏ ਜਾਣ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਦਲਿਤ ਪਰਿਵਾਰਾਂ ਨੂੰ ਉਨ੍ਹਾਂ ਦੀ ਆਬਾਦੀ ਅਨੁਸਾਰ ਸ਼ਾਮਲਾਤ ਜ਼ਮੀਨ ਵਿਚ ਹਿੱਸਾ ਦਿੱਤਾ ਜਾਵੇ।