ਛੱਪੜ ਦੀ ਖੁਦਾਈ ਦੌਰਾਨ ਮਿਲਿਆ ਸੈਂਕੜੇ ਸਾਲ ਪੁਰਾਣਾ ਖੂਹ ਛੱਪੜ ਦੀ ਖੁਦਾਈ ਦੌਰਾਨ ਮਿਲਿਆ ਸੈਂਕੜੇ ਸਾਲ ਪੁਰਾਣਾ ਖੂਹ
Publish Date: Tue, 13 Oct 2026 05:43 PM (IST)
Updated Date: Tue, 13 Oct 2026 05:45 PM (IST)
ਫੋਟੋ 13ਪੀਟੀਐਲ: 26: ਕਰਮਵੀਰ ਸਿੰਘ ਮਰਦਾਪੁਰ, ਪੰਜਾਬੀ ਜਾਗਰਣ, ਘਨੌਰ : ਇਤਿਹਾਸਕ ਵਿਰਾਸਤ ਤੇ ਪੁਰਾਤਨ ਨਿਸ਼ਾਨੀਆਂ ਆਪਣੇ ਅੰਦਰ ਬੀਤੇ ਸਮੇਂ ਦੀਆਂ ਕਈ ਅਣਕਹੀਆਂ ਕਹਾਣੀਆਂ ਸਮੋਈ ਬੈਠੀਆਂ ਹੁੰਦੀਆਂ ਹਨ। ਇਸ ਦੀ ਇਕ ਝਲਕ ਪਿੰਡ ਮਿਰਜਾਂਪੁਰ ਵਿਖੇ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਿੰਡ ਦੇ ਛੱਪੜ ਦੀ ਖੁਦਾਈ ਕਰਦਿਆਂ ਸੈਂਕੜੇ ਸਾਲ ਪੁਰਾਣਾ ਦੱਸਿਆ ਜਾ ਰਿਹਾ ਇਕ ਖੂਹ ਸਾਹਮਣੇ ਆ ਗਿਆ। ਪੁਰਾਣੀਆਂ ਇੱਟਾਂ ਨਾਲ ਬਣੇ ਇਸ ਖੂਹ ਦੇ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਵਿਚ ਉਤਸੁਕਤਾ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਸ਼ੇਰ ਸਿੰਘ ਤੇ ਨੰਬਰਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਛੱਪੜ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਜ਼ਮੀਨ ਹੇਠੋਂ ਪੁਰਾਣੇ ਖੂਹ ਦੀ ਬਣਤਰ ਸਾਹਮਣੇ ਆਈ, ਜਿਸ ਨੂੰ ਦੇਖ ਕੇ ਪਿੰਡ ਵਾਸੀ ਹੈਰਾਨ ਰਹਿ ਗਏ। ਜਗਦੀਪ ਸਿੰਘ ਨੇ ਦੱਸਿਆ ਕਿ ਖੂਹ ਦੀ ਬਣਤਰ ਵਿਚ ਵਰਤੀਆਂ ਗਈਆਂ ਇੱਟਾਂ ਆਮ ਤੌਰ ’ਤੇ ਅੱਜਕੱਲ੍ਹ ਦੀ ਉਸਾਰੀ ਵਿਚ ਵਰਤੀਆਂ ਜਾਣ ਵਾਲੀਆਂ ਇੱਟਾਂ ਨਾਲੋਂ ਵੱਖਰੀਆਂ ਦਿਖਾਈ ਦਿੰਦੀਆਂ ਹਨ। ਇਨ੍ਹਾਂ ਪੁਰਾਣੀਆਂ ਇੱਟਾਂ ਅਤੇ ਖੂਹ ਦੀ ਬਣਤਰ ਨੂੰ ਦੇਖਦਿਆਂ ਪਿੰਡ ਵਾਸੀਆਂ ਵਿਚ ਇਸ ਦੇ ਇਤਿਹਾਸ ਬਾਰੇ ਜਾਣਨ ਦੀ ਦਿਲਚਸਪੀ ਵਧ ਗਈ ਹੈ। -ਪਿੰਡ ਵਾਸੀਆਂ ਨੇ ਕਰਵਾਈ ਪੂਜਾ ਜ਼ਮੀਨ ਹੇਠੋਂ ਪੁਰਾਣਾ ਖੂਹ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਧਾਰਮਿਕ ਸ਼ਰਧਾ ਨਾਲ ਇਸ ਦੀ ਪੂਜਾ ਵੀ ਕਰਵਾਈ ਗਈ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਪੁਰਾਤਨ ਨਿਸ਼ਾਨੀਆਂ ਪਿੰਡ ਦੇ ਇਤਿਹਾਸ ਅਤੇ ਪੁਰਖਿਆਂ ਦੀ ਯਾਦ ਨਾਲ ਜੁੜੀਆਂ ਹੁੰਦੀਆਂ ਹਨ। --ਖੂਹ ਨੂੰ ਵਿਰਾਸਤੀ ਯਾਦਗਾਰ ਵਜੋਂ ਸੰਭਾਲਣ ਦੀ ਯੋਜਨਾ ਸਰਪੰਚ ਅਤੇ ਨੰਬਰਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਇੱਛਾ ਹੈ ਕਿ ਇਸ ਪੁਰਾਣੇ ਖੂਹ ਨੂੰ ਮਿੱਟੀ ਵਿੱਚ ਦੱਬਣ ਜਾਂ ਨੁਕਸਾਨੇ ਜਾਣ ਤੋਂ ਬਚਾਇਆ ਜਾਵੇ। ਇਸ ਲਈ ਖੂਹ ਦੀ ਬਣਤਰ ਨੂੰ ਸੁਰੱਖਿਅਤ ਰੱਖਦਿਆਂ ਇਸ ਨੂੰ ਉੱਚਾ ਕਰਨ ਅਤੇ ਵਿਰਾਸਤੀ ਯਾਦਗਾਰ ਵਜੋਂ ਵਿਕਸਤ ਕਰਨ ਦੀ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਅਜਿਹੀਆਂ ਪੁਰਾਣੀਆਂ ਇਮਾਰਤਾਂ, ਖੂਹਾਂ ਅਤੇ ਹੋਰ ਨਿਸ਼ਾਨੀਆਂ ਦੀ ਸੰਭਾਲ ਕਰਨਾ ਬਹੁਤ ਜ਼ਰੂਰੀ ਹੈ।