ਹੁੰਮਸ ਨੇ ਵਧਾਈ ਕਿਸਾਨਾਂ ਦੀ ਪ੍ਰੇਸ਼ਾਨੀ, ਝੋਨੇ 'ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਹੁੰਮਸ ਨੇ ਵਧਾਈ ਕਿਸਾਨਾਂ ਦੀ ਪ੍ਰੇਸ਼ਾਨੀ, ਝੋਨੇ 'ਤੇ ਪੱਤਾ ਲਪੇਟ ਸੁੰਡੀ ਦਾ ਹਮਲਾ
Publish Date: Wed, 05 Aug 2026 05:15 PM (IST)
Updated Date: Thu, 06 Aug 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਭਾਵੇਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰੋਜ਼ਾਨਾ ਕਿਤੇ ਨਾ ਕਿਤੇ ਮੀਂਹ ਪੈ ਰਿਹਾ ਹੈ, ਪਰ ਸੰਗਰੂਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਮੀਂਹ ਨਾ ਪੈਣ ਕਾਰਨ ਕਿਸਾਨ ਚਿੰਤਤ ਹਨ। ਮੀਂਹ ਨਾ ਹੋਣ ਨਾਲ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਖੇਤਾਂ ਵਿੱਚ ਖੜ੍ਹੇ ਝੋਨੇ ਅਤੇ ਹੋਰ ਫ਼ਸਲਾਂ ਤੇ ਵੀ ਇਸ ਦਾ ਅਸਰ ਦਿਖਾਈ ਦੇਣ ਲੱਗਾ ਹੈ। ਦੋ ਦਿਨ ਪਹਿਲਾਂ ਸਵੇਰੇ ਕੁਝ ਸਮੇਂ ਲਈ ਮੀਂਹ ਪਿਆ ਸੀ, ਪਰ ਇਹ ਬਹੁਤ ਘੱਟ ਹੋਣ ਕਾਰਨ ਹੁੰਮਸ ਹੋਰ ਵੱਧ ਗਈ ਹੈ। ਚਿਪਚਿਪੀ ਗਰਮੀ ਕਾਰਨ ਲੋਕ ਪ੍ਰੇਸ਼ਾਨ ਹਨ, ਜਦਕਿ ਝੋਨੇ ਅਤੇ ਸਬਜ਼ੀਆਂ ਦੀਆਂ ਫ਼ਸਲਾਂ ਤੇ ਕੀੜਿਆਂ ਦਾ ਹਮਲਾ ਵੀ ਵਧ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਅਸਮਾਨ ਵਿੱਚ ਬੱਦਲ ਛਾਏ ਰਹਿਣ ਕਾਰਨ ਹੁੰਮਸ ਅਤੇ ਗਰਮੀ ਵਿੱਚ ਵਾਧਾ ਹੋਇਆ ਹੈ। ਬੁੱਧਵਾਰ ਨੂੰ ਵੀ ਸੰਗਰੂਰ ਵਿੱਚ ਬੱਦਲ ਛਾਏ ਰਹੇ। ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਇਸ ਹਫ਼ਤੇ ਵੀ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਸੰਗਰੂਰ ਦੇ ਕਿਸਾਨ ਰਣਜੀਤ ਸਿੰਘ, ਜੀਤ ਸਿੰਘ ਅਤੇ ਹਰਬੰਸ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਪੱਕਣ ਵਿੱਚ ਕਰੀਬ 155 ਤੋਂ 160 ਦਿਨ ਲੱਗਦੇ ਹਨ। ਮੀਂਹ ਪੈਣ ਨਾਲ ਫ਼ਸਲ ਨੂੰ ਕੁਦਰਤੀ ਲਾਭ ਮਿਲਦਾ ਹੈ, ਪਰ ਹੁਣ ਵਧੀ ਹੁੰਮਸ ਕਾਰਨ ਕੀੜਿਆਂ ਨੇ ਹਮਲਾ ਕਰ ਦਿੱਤਾ ਹੈ। ਪੱਤਾ ਲਪੇਟ ਸੁੰਡੀ ਤੋਂ ਇਲਾਵਾ ਹਰਾ ਘੋੜਾ, ਤਿਤਲੀਆਂ ਅਤੇ ਹੋਰ ਸੂਖਮ ਕੀੜੇ ਤੇਜ਼ੀ ਨਾਲ ਪੈਦਾ ਹੋ ਰਹੇ ਹਨ, ਜਿਸ ਕਾਰਨ ਕਿਸਾਨਾਂ ਨੂੰ ਕੀਟਨਾਸ਼ਕ ਸਪਰੇਅ ਕਰਨੀ ਪੈ ਰਹੀ ਹੈ। ਫਸਲਾਂ ਤੇ ਕੀੜਿਆਂ ਦਾ ਪ੍ਰਕੋਪ ਵਧਿਆ ਪਿੰਡ ਬਡਰੁੱਖਾਂ ਦੇ ਕਿਸਾਨ ਅਜੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਗਰਮੀ ਅਤੇ ਹੁੰਮਸ ਕਾਰਨ ਝੋਨੇ ਦੀ ਫ਼ਸਲ ਵਿੱਚ ਝੁਲਸ ਰੋਗ, ਪੱਤਾ ਲਪੇਟ ਸੁੰਡੀ, ਜੜ੍ਹ ਗਲਣ ਅਤੇ ਪੀਲਾਪਣ ਵਰਗੀਆਂ ਸਮੱਸਿਆਵਾਂ ਵਧ ਰਹੀਆਂ ਹਨ। ਇਸ ਦੇ ਨਾਲ ਹਰਾ ਘੋੜਾ, ਮੱਛਰ ਅਤੇ ਹੋਰ ਕੀੜੇ ਵੀ ਫ਼ਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਪਏ ਮੀਂਹ ਨਾਲ ਸੁੰਡੀ ਅਤੇ ਹੋਰ ਕੀੜਿਆਂ ਦਾ ਪ੍ਰਕੋਪ ਘੱਟ ਹੋ ਗਿਆ ਸੀ, ਪਰ ਹੁਣ ਹੁੰਮਸ ਵਧਣ ਨਾਲ ਇਹ ਮੁੜ ਸਰਗਰਮ ਹੋ ਗਏ ਹਨ। ਸਪਰੇਅ ਕਰਨ ਲਈ ਮਜਬੂਰ ਹੋਏ ਕਿਸਾਨ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਹੁੰਮਸ ਅਤੇ ਗਰਮੀ ਕਾਰਨ ਖੇਤਾਂ ਵਿੱਚ ਲੱਗੀਆਂ ਕਰੇਲਾ, ਬੈਂਗਣ, ਅਰਬੀ, ਗੋਭੀ, ਮਿਰਚ, ਪੇਠਾ, ਕੱਦੂ, ਭਿੰਡੀ ਅਤੇ ਤੋਰੀ ਵਰਗੀਆਂ ਸਬਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਪਹਿਲਾਂ ਵੀ ਕਿਸਾਨ ਕਈ ਦਿਨ ਮੀਂਹ ਦੀ ਉਡੀਕ ਕਰਦੇ ਰਹੇ, ਪਰ ਮੀਂਹ ਨਾ ਪੈਣ ਕਾਰਨ ਹੁਣ ਉਨ੍ਹਾਂ ਨੂੰ ਕੀੜਿਆਂ ਦੇ ਪ੍ਰਬੰਧਨ ਲਈ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕਰਨੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਚੰਗਾ ਮੀਂਹ ਪੈਂਦਾ ਤਾਂ ਕਈ ਕੀੜੇ ਕੁਦਰਤੀ ਤੌਰ ਤੇ ਨਸ਼ਟ ਹੋ ਜਾਂਦੇ ਅਤੇ ਕਿਸਾਨਾਂ ਦੇ ਹਜ਼ਾਰਾਂ ਰੁਪਏ ਦੇ ਕੀਟਨਾਸ਼ਕਾਂ ਦਾ ਖ਼ਰਚਾ ਬਚ ਸਕਦਾ ਸੀ।