ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਸਿਹਤ ਕੇਂਦਰ ਤੇ ਥਾਣੇ ਦੀ ਚੈਕਿੰਗ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸੈਂਟੀ ਵੱਲੋਂ ਸਿਹਤ ਕੇਂਦਰ ਤੇ ਥਾਣੇ ਦੀ ਚੈਕਿੰਗ
Publish Date: Sun, 20 Sep 2026 07:11 PM (IST)
Updated Date: Sun, 20 Sep 2026 07:14 PM (IST)
-ਸਾਕੇਤ ਨਸ਼ਾ ਛੁਡਾਊ ਕੇਂਦਰ ਤੇ ਸਦਰ ਥਾਣੇ ਦਾ ਕੀਤਾ ਦੌਰਾ --ਬਾਥਰੂਮ, ਵੇਟਿੰਗ ਰੂਮਾਂ ਸਮੇਤ ਹੋਰ ਸਹੂਲਤਾਂ ਦਾ ਲਿਆ ਜਾਇਜ਼ਾ ਫੋਟੋ 20ਪੀਟੀਐੱਲ- 18 ਤੇ 19 ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, ਪਟਿਆਲਾ : ਮਨੁੱਖੀ ਅਧਿਕਾਰਾਂ ਨਾਲ ਸਬੰਧਤ ਸਹੂਲਤਾਂ ਤੇ ਮਨੁੱਖੀ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਥਾਵਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਐਤਵਾਰ ਬਾਅਦ ਦੁਪਹਿਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਪਟਿਆਲਾ ਦੇ ਸਾਕੇਤ ਨਸ਼ਾ ਛੁਡਾਊ ਕੇਂਦਰ ਤੇ ਥਾਣਾ ਸਦਰ ਪਟਿਆਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਸਾਕੇਤ ਕੇਂਦਰ ਵਿਚ ਇਲਾਜ ਅਧੀਨ ਨਸ਼ਾ ਪੀੜਤਾਂ ਨਾਲ ਸਿੱਧੀ ਗੱਲਬਾਤ ਦੌਰਾਨ ਇਕ ਨਾਬਾਲਿਗ ਨੇ ਦੱਸਿਆ ਕਿ ਉਹ 14 ਸਾਲ ਦੀ ਉਮਰ ਤੋਂ ਕਰੀਬ ਦੋ ਸਾਲਾਂ ਤੋਂ ਨਸ਼ਾ ਕਰ ਰਿਹਾ ਹੈ ਤੇ ਉਸ ਨੂੰ ਲੱਕੜ ਮੰਡੀ ਇਲਾਕੇ ਤੋਂ ਨਸ਼ਾ ਮਿਲਦਾ ਸੀ। ਇਸ ਤੋਂ ਬਾਅਦ ਸ਼ੰਟੀ ਨੇ ਮੌਕੇ ’ਤੇ ਮੌਜੂਦ ਹੋਰ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਲੱਕੜ ਮੰਡੀ ਵਿਚ ਨਸ਼ਾ ਉਪਲੱਬਧ ਹੋਣ ਦੀ ਗੱਲ ਕਹੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ਼ੰਟੀ ਨੇ ਕਿਹਾ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਡੀਜੀਪੀ ਤੇ ਮੁੱਖ ਸਕੱਤਰ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਕਿੱਥੋਂ ਅਤੇ ਕਿਸ ਤਰ੍ਹਾਂ ਉਪਲੱਬਧ ਹੋ ਰਿਹਾ ਹੈ, ਇਸ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਜੇਕਰ ਕਿਤੇ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰੀ ਵੀ ਤੈਅ ਕੀਤੀ ਜਾਣੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਦੇ ਨਾਲ ਇਸ਼ੂ ਗਿੱਲ, ਜ਼ਿਲ੍ਹਾ ਪਟਿਆਲਾ ਕੋਰ ਗਰੁੱਪ ਮੈਂਬਰ ਅਤੇ ਅਮਨਦੀਪ ਸਿੰਘ, ਬਾਲ ਅਧਿਕਾਰ ਸਰਪ੍ਰਸਤ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਾਮਲਿਆਂ ਵਿਚ ਸਿਰਫ਼ ਵੱਡੀਆਂ ਸਮੱਸਿਆਵਾਂ ਹੀ ਨਹੀਂ, ਸਗੋਂ ਲੋਕਾਂ ਨੂੰ ਮਿਲਣ ਵਾਲੀਆਂ ਮੁੱਢਲੀਆਂ ਸਹੂਲਤਾਂ ਵੱਲ ਵੀ ਧਿਆਨ ਦੇਣਾ ਜ਼ਰੂਰੀ ਹੈ। - 35 ਮਰੀਜ਼, ਦੋ ਬਾਥਰੂਮ ਤੇ ਇਕ ਟਾਇਲਟ, ਸਫਾਈ ਪ੍ਰਬੰਧਾਂ ’ਤੇ ਵੀ ਸਵਾਲ ਸਾਕੇਤ ਨਸ਼ਾ ਛੁਡਾਊ ਕੇਂਦਰ ਦੇ ਨਿਰੀਖਣ ਦੌਰਾਨ ਜਤਿੰਦਰ ਸ਼ੰਟੀ ਨੇ ਖੁਦ ਬਾਥਰੂਮ ਅਤੇ ਟਾਇਲਟ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਮਰੀਜ਼ਾਂ ਲਈ ਉਪਲਬਧ ਬੁਨਿਆਦੀ ਸਹੂਲਤਾਂ ਦੀ ਸਥਿਤੀ ਵੀ ਸਾਹਮਣੇ ਆਈ। ਕੇਂਦਰ ਵਿਚ ਦਾਖਲ ਕਰੀਬ 35 ਮਰੀਜ਼ਾਂ ਲਈ ਦੋ ਬਾਥਰੂਮ ਅਤੇ ਇਕ ਟਾਇਲਟ ਉਪਲੱਬਧ ਸਨ। ਉਨ੍ਹਾਂ ਉੱਥੇ ਗੰਦਗੀ ਅਤੇ ਸਫਾਈ ਪ੍ਰਬੰਧਾਂ ਦੀ ਕਮੀ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਟਾਇਲਟ ਸੀਟ ਟੁੱਟੀ ਹੋਈ ਮਿਲਣ ’ਤੇ ਉਨ੍ਹਾਂ ਇਸ ਨੂੰ ਤੁਰੰਤ ਠੀਕ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮਰੀਜ਼ਾਂ ਲਈ ਤਿਆਰ ਕੀਤੇ ਜਾ ਰਹੇ ਭੋਜਨ ਦੀ ਗੁਣਵੱਤਾ ਜਾਂਚਣ ਲਈ ਖਾਣਾ ਖੁਦ ਖਾ ਕੇ ਵੀ ਚੈੱਕ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਇਲਾਜ ਅਧੀਨ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਨਸ਼ੇ ਦੀ ਲਤ ਦੇ ਕਾਰਨਾਂ, ਕੇਂਦਰ ਵਿਚ ਮਿਲ ਰਹੀਆਂ ਸਹੂਲਤਾਂ ਅਤੇ ਇਲਾਜ ਪ੍ਰਬੰਧ ਬਾਰੇ ਜਾਣਕਾਰੀ ਲਈ। ਨਿਰੀਖਣ ਦੌਰਾਨ ਕੇਂਦਰ ਵਿਚ ਸਟਾਫ ਦੀ ਉਪਲਬਧਤਾ ਸਬੰਧੀ ਵੀ ਸਥਿਤੀ ਦੀ ਸਮੀਖਿਆ ਕੀਤੀ ਗਈ। ਸ਼ੰਟੀ ਅਨੁਸਾਰ ਦੁਪਹਿਰ ਦੋ ਵਜੇ ਤੱਕ ਕੇਂਦਰ ਵਿਚ ਕਰੀਬ 35 ਸਟਾਫ ਮੈਂਬਰ ਮੌਜੂਦ ਰਹਿੰਦੇ ਹਨ, ਪਰ ਇਸ ਤੋਂ ਬਾਅਦ ਸਿਰਫ਼ ਤਿੰਨ ਤੋਂ ਚਾਰ ਕਰਮਚਾਰੀ ਹੀ ਰਹਿ ਜਾਂਦੇ ਹਨ, ਜਿਨ੍ਹਾਂ ਵਿਚ ਇਕ ਸੁਰੱਖਿਆ ਗਾਰਡ ਵੀ ਸ਼ਾਮਲ ਹੈ। ਉਨ੍ਹਾਂ ਇਸ ਪ੍ਰਬੰਧ ਨੂੰ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਨਾਕਾਫ਼ੀ ਦੱਸਦਿਆਂ ਸਟਾਫ ਵਧਾਉਣ ਦੀ ਸਿਫਾਰਸ਼ ਕੀਤੀ। - ਬਿਨਾਂ ਲਾਇਸੈਂਸ ਚੱਲ ਰਹੇ ਨਸ਼ਾ ਮੁਕਤੀ ਕੇਂਦਰਾਂ ’ਤੇ ਹੋਵੇਗੀ ਕਾਰਵਾਈ ਸ਼ੰਟੀ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਈ ਥਾਵਾਂ ’ਤੇ ਲੋਕ ਆਪਣੀ ਮਰਜ਼ੀ ਨਾਲ ਨਸ਼ਾ ਛੁਡਾਊ ਕੇਂਦਰ ਖੋਲ੍ਹ ਕੇ ਚਲਾ ਰਹੇ ਹਨ। ਜੇਕਰ ਅਜਿਹੇ ਕੇਂਦਰ ਲੋੜੀਂਦੀ ਮਨਜ਼ੂਰੀ ਜਾਂ ਲਾਇਸੈਂਸ ਤੋਂ ਬਿਨਾਂ ਚਲਾਏ ਜਾ ਰਹੇ ਹਨ ਤਾਂ ਇਹ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੇਂਦਰਾਂ ਦੀ ਰਿਪੋਰਟ ਮੰਗੀ ਗਈ ਹੈ ਅਤੇ ਜਾਅਲੀ ਜਾਂ ਬਿਨਾਂ ਲਾਇਸੈਂਸ ਚੱਲ ਰਹੇ ਨਸ਼ਾ ਮੁਕਤੀ ਕੇਂਦਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤੀ ਕੇਂਦਰਾਂ ਦੇ ਪ੍ਰਬੰਧਾਂ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ ਅਤੇ ਇਲਾਜ ਅਧੀਨ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। -ਸਦਰ ਥਾਣਾ ਦਾ ਵੀ ਕੀਤਾ ਨਿਰੀਖਣ ਇਸੇ ਤਰ੍ਹਾਂ ਮੈਂਬਰ ਜਤਿੰਦਰ ਸੈਂਟੀ ਨੇ ਸਦਰ ਥਾਣਾ ਦਾ ਦੌਰਾ ਕਰਕੇ ਉੱਥੇ ਦੇ ਪ੍ਰਬੰਧਾਂ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਥਾਣੇ ਵਿਚ ਆਉਣ ਵਾਲੇ ਲੋਕਾਂ ਲਈ ਉਪਲਬਧ ਸਹੂਲਤਾਂ, ਵੇਟਿੰਗ ਰੂਮ ਤੇ ਹੋਰ ਸਥਾਨਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਥਾਣੇ ਵਿਚ ਆਉਣ ਵਾਲੇ ਲੋਕਾਂ ਨਾਲ ਮਨੁੱਖੀ ਅਤੇ ਸਨਮਾਨਜਨਕ ਵਿਵਹਾਰ ਯਕੀਨੀ ਬਣਾਇਆ ਜਾਵੇ ਅਤੇ ਮੁੱਢਲੀਆਂ ਸਹੂਲਤਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਾ ਰਹਿਣ ਦਿੱਤੀ ਜਾਵੇ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਰਿਕਾਰਡ ਵਿਚ ਲਿਖਤੀ ਤੌਰ ’ਤੇ ਦਰਜ ਕੀਤਾ ਜਾਵੇ ਕਿ ਕਿੰਨਾ ਸਟਾਫ ਹਾਜ਼ਰ ਹੈ ਅਤੇ ਕਿਸ-ਕਿਸ ਦੀ ਕਿੱਥੇ ਡਿਊਟੀ ਲੱਗੀ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਪੁਲਿਸ ਥਾਣੇ ਵਿਚ ਖੜ੍ਹੇ ਵਾਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਕਰੀਬ 150 ਵਾਹਨ ਕੰਡਮ ਹਾਲਤ ਵਿਚ ਹਨ, ਜਿਨ੍ਹਾਂ ਦੀ ਜਲਦ ਹੀ ਨਿਲਾਮੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੌਕੇ ’ਤੇ ਮੌਜੂਦ ਇਕ ਔਰਤ ਨੇ ਸ਼ਿਕਾਇਤ ਕੀਤੀ ਕਿ ਉਸ ਨੂੰ ਉਸ ਦੀ ਨੂੰਹ ਨੇ ਘਰੋਂ ਕੱਢ ਦਿੱਤਾ ਹੈ। ਇਸ ’ਤੇ ਸ਼ੰਟੀ ਨੇ ਥਾਣਾ ਮੁਖੀ ਗੁਰਮੀਤ ਸਿੰਘ ਨੂੰ ਤੁਰੰਤ ਸ਼ਿਕਾਇਤ ਦਰਜ ਕਰਕੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।