ਪੰਜਾਬੀ ਸਾਹਿਤ ਦੇ ਸੂਝਵਾਨ ਪਾਠਕ ਗੋਸਲ ਦਾ ਸਨਮਾਨ ਪੰਜਾਬੀ ਸਾਹਿਤ ਦੇ ਸੂਝਵਾਨ ਪਾਠਕ ਜਗਦੀਪ ਸਿੰਘ ਗਿੱਲ ਗੋਸਲ ਦਾ ਸਨਮਾਨ
Publish Date: Sat, 31 Oct 2026 05:12 PM (IST)
Updated Date: Sun, 01 Nov 2026 04:02 AM (IST)
ਮਹਾਂਵੀਰ ਗੋਇਲ, ਪੰਜਾਬੀ ਜਾਗਰਣ, ਅਹਿਮਦਗੜ੍ਹ : ਪੰਜਾਬੀ ਸਾਹਿਤ ਦੇ ਲੇਖਕਾਂ ਅਤੇ ਸਾਹਿਤਕ ਹਲਕਿਆਂ ਵਿੱਚ ਅਕਸਰ ਇਹ ਚਰਚਾ ਸੁਣਨ ਨੂੰ ਮਿਲਦੀ ਹੈ ਕਿ ਆਧੁਨਿਕ ਦੌਰ ਵਿੱਚ ਲੋਕਾਂ ਦੀ ਕਿਤਾਬਾਂ ਪੜ੍ਹਨ ਪ੍ਰਤੀ ਰੁਚੀਆਂ ਘਟਦੀਆਂ ਜਾ ਰਹੀਆਂ ਹਨ, ਪਰ ਅੱਜ ਵੀ ਅਜਿਹੇ ਸਾਹਿਤ ਪ੍ਰੇਮੀ ਮੌਜੂਦ ਹਨ ਜੋ ਕਿਤਾਬਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਦੇ ਹਨ। ਇਸ ਦੀ ਜਿਉਂਦੀ-ਜਾਗਦੀ ਮਿਸਾਲ ਨੌਜਵਾਨ ਜਗਦੀਪ ਸਿੰਘ ਗਿੱਲ ਗੋਸਲ ਹਨ, ਜਿਨ੍ਹਾਂ ਨੂੰ ਰੋਟਰੀ ਕਲੱਬ ਅਹਿਮਦਗੜ੍ਹ ਵੱਲੋਂ ਸਰਪ੍ਰਸਤ ਪ੍ਰੋਫੈਸਰ ਐਸਪੀ ਸ਼ੋਬਤ ,ਪ੍ਰਧਾਨ ਕਰਨ ਕਰੀਰ ਅਗਵਾਈ ਹੇਠ ਪੰਜਾਬੀ ਸਾਹਿਤ ਦੇ ਇੱਕ ਉਤਸ਼ਾਹੀ ਅਤੇ ਸੂਝਵਾਨ ਪਾਠਕ ਵਜੋਂ ਸਨਮਾਨਿਤ ਕੀਤਾ ਗਿਆ। ਪ੍ਰਧਾਨ ਕਰਨ ਕਰੀਰ ਨੇ ਦੱਸਿਆ ਕਿ ਮੈਡੀਕਲ ਖੇਤਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਜਗਦੀਪ ਸਿੰਘ ਗਿੱਲ ਗੋਸਲ ਦਾ ਕਿਤਾਬਾਂ ਪ੍ਰਤੀ ਪਿਆਰ ਅਤੇ ਲਗਾਅ ਬੇਹੱਦ ਪ੍ਰੇਰਨਾਦਾਇਕ ਹੈ। ਉਨ੍ਹਾਂ ਆਪਣੇ ਘਰ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਸਥਾਪਿਤ ਕੀਤੀ ਹੋਈ ਹੈ। ਇਸ ਦੇ ਨਾਲ ਹੀ ਆਪਣੇ ਕਾਰਜ ਸਥਾਨ ਤੇ ਵੀ ਕਿਤਾਬਾਂ ਲਈ ਵਿਸ਼ੇਸ਼ ਥਾਂ ਬਣਾਈ ਹੋਈ ਹੈ, ਜੋ ਉਨ੍ਹਾਂ ਦੀ ਪੜ੍ਹਨ ਦੀ ਰੁਚੀ ਅਤੇ ਸਾਹਿਤ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ। ਜਗਦੀਪ ਸਿੰਘ ਦੀ ਪੰਜਾਬੀ ਸਾਹਿਤ ਅਤੇ ਇਤਿਹਾਸ ਨਾਲ ਸਾਂਝ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਸਿੱਖ ਇਤਿਹਾਸ ਨਾਲ ਸਬੰਧਿਤ ਪੁਸਤਕਾਂ ਪੜ੍ਹਨ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਹ ਸਿਰਫ਼ ਕਿਤਾਬਾਂ ਇਕੱਠੀਆਂ ਕਰਨ ਤੱਕ ਹੀ ਸੀਮਿਤ ਨਹੀਂ, ਸਗੋਂ ਉਨ੍ਹਾਂ ਨੂੰ ਪੜ੍ਹ ਕੇ ਇਤਿਹਾਸਕ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕਰਨਾ ਆਪਣੀ ਰੁਚੀ ਦਾ ਅਹਿਮ ਹਿੱਸਾ ਮੰਨਦੇ ਹਨ। ਜਗਦੀਪ ਸਿੰਘ ਗਿੱਲ ਗੋਸਲ ਦੀ ਇਹ ਸਾਹਿਤਕ ਰੁਚੀ ਇਸ ਧਾਰਨਾ ਨੂੰ ਵੀ ਚੁਣੌਤੀ ਦਿੰਦੀ ਹੈ ਕਿ ਡਿਜੀਟਲ ਯੁੱਗ ਵਿੱਚ ਕਿਤਾਬਾਂ ਦੀ ਮਹੱਤਤਾ ਘਟ ਗਈ ਹੈ। ਅਸਲ ਵਿੱਚ ਕਿਤਾਬਾਂ ਨਾਲ ਪਿਆਰ ਕਰਨ ਵਾਲੇ ਪਾਠਕ ਅੱਜ ਵੀ ਮੌਜੂਦ ਹਨ, ਲੋੜ ਸਿਰਫ਼ ਉਨ੍ਹਾਂ ਦੀਆਂ ਰੁਚੀਆਂ ਨੂੰ ਪਛਾਣਨ ਅਤੇ ਉਤਸ਼ਾਹਿਤ ਕਰਨ ਦੀ ਹੈ।