- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੇ ਦਿਨੀਂ ਕਸਬਾ ਡਕਾਲਾ ਵਿਖੇ ਗੱਡੀ ਸਵਾਰਾਂ ਵੱਲੋਂ ਨੌਜਵਾਨ ਨਵਾਬ ਖਾਨ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕਰਕੇ ਗੱਡੀ ’ਚ ਸੁੱਟ ਕੇ ਲੈਜਾਣ ਅਤੇ ਕਤਲ ਕਰਕੇ ਲਾਸ਼ ਸੁੱਟਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ ,ਪਟਿਆਲਾ : ਬੀਤੇ ਦਿਨੀਂ ਕਸਬਾ ਡਕਾਲਾ ਵਿਖੇ ਗੱਡੀ ਸਵਾਰਾਂ ਵੱਲੋਂ ਨੌਜਵਾਨ ਨਵਾਬ ਖਾਨ ਨੂੰ ਤੇਜਧਾਰ ਹਥਿਆਰਾਂ ਨਾਲ ਜਖਮੀ ਕਰਕੇ ਗੱਡੀ ’ਚ ਸੁੱਟ ਕੇ ਲੈਜਾਣ ਅਤੇ ਕਤਲ ਕਰਕੇ ਲਾਸ਼ ਸੁੱਟਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਨੌਜਵਾਨਾਂ ਦੀ ਪਛਾਣ ਗੁਰਸੇਵਕ ਸਿੰਘ ਉਰਫ਼ ਸੇਬੀ ਅਤੇ ਜਗਜੀਤ ਸਿੰਘ ਉਰਫ਼ ਜੱਗਾ ਵਾਸੀ ਪਿੰਡ ਚਰਾਸੋਂ ਅਤੇ ਸਹਿਜਵੀਰ ਸਿੰਘ ਉਰਫ਼ ਸਹਿਜ ਵਾਸੀ ਪਿੰਡ ਨਨਾਨਸੂ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਕਤਲ ਅਣਖ ਖਾਤਰ ਕੀਤਾ ਗਿਆ ਹੈ। ਪੁਲਿਸ ਜਾਂਚ ਅਨੁਸਾਰ ਨਵਾਬ ਖਾਨ ਪਿਛਲੇ ਛੇ ਮਹੀਨਿਆਂ ਤੋਂ ਕੈਨੇਡਾ ਰਹਿ ਰਹੀ ਮੁਲਜ਼ਮ ਦੀ ਭੈਣ ਨੂੰ ਪੁਰਾਣੀਆਂ ਫੋਟੋਆਂ ਅਤੇ ਵੀਡੀਓਜ਼ ਦੇ ਆਧਾਰ ’ਤੇ ਬਲੈਕਮੇਲ ਕਰ ਰਿਹਾ ਸੀ। ਇਸੇ ਰੰਜਿਸ਼ ਕਾਰਨ ਸਹਿਜਵੀਰ ਸਿੰਘ ਨੇ ਆਪਣੇ ਦੋਸ਼ਤਾਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਐੱਸਪੀ ਡੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਕਾਰਪੀਓ ਗੱਡੀ ਕਿਰਾਏ ’ਤੇ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਅਨੁਸਾਰ 20 ਸਾਲਾ ਸਹਿਜਵੀਰ ਸਿੰਘ ਅਤੇ ਉਸ ਦੇ ਸਾਥੀਆਂ ਨੇ ਨਵਾਬ ਖਾਨ ਨੂੰ ਅਗਵਾ ਕਰ ਕੇ ਸਬਕ ਸਿਖਾਉਣ ਦੀ ਯੋਜਨਾ ਬਣਾਈ ਅਤੇ ਇਸ ਲਈ ਸਕਾਰਪੀਓ ਗੱਡੀ ਕਿਰਾਏ ’ਤੇ ਲਈ। ਜਗਦੀਪ ਸਿੰਘ ਅਤੇ ਸਹਿਜਵੀਰ ਸਿੰਘ ਸਕਾਰਪੀਓ ਲੈ ਕੇ ਡਕਾਲਾ ਇਲਾਕੇ ਵਿੱਚ ਪਹੁੰਚੇ। ਪੈਟਰੋਲ ਪੰਪ ਤੋਂ ਤੇਲ ਪਵਾ ਕੇ ਬਾਹਰ ਆ ਰਹੇ ਨਵਾਬ ਖਾਨ ਦੇ ਮੋਟਰਸਾਈਕਲ ਨੂੰ ਪਹਿਲਾਂ ਗੱਡੀ ਨਾਲ ਟੱਕਰ ਮਾਰੀ ਗਈ। ਇਸ ਤੋਂ ਬਾਅਦ ਉਸ ’ਤੇ ਚਾਕੂ ਨਾਲ ਹਮਲਾ ਕਰ ਕੇ ਜ਼ਬਰਦਸਤੀ ਗੱਡੀ ਵਿੱਚ ਬਿਠਾ ਲਿਆ ਗਿਆ।
ਪੁਲਿਸ ਅਨੁਸਾਰ ਗੱਡੀ ਦੇ ਅੰਦਰ ਵੀ ਨਵਾਬ ਖਾਨ ’ਤੇ ਕਈ ਵਾਰ ਹਮਲਾ ਕੀਤਾ ਗਿਆ, ਜਿਸ ਕਾਰਨ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੁਲਜ਼ਮ ਲਾਸ਼ ਨੂੰ ਲੈ ਕੇ ਕਾਲਾਝਾੜ ਟੋਲ ਪਲਾਜ਼ਾ ਨੇੜੇ ਪਹੁੰਚੇ ਅਤੇ ਉਸ ਨੂੰ ਡਰੇਨ ਵਿੱਚ ਸੁੱਟ ਦਿੱਤਾ। ਇਸ ਤੋਂ ਬਾਅਦ ਉਹ ਗੱਡੀ ਕੁਝ ਦੂਰੀ ’ਤੇ ਛੱਡ ਕੇ ਫ਼ਰਾਰ ਹੋ ਗਏ।
ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਡੀਐੱਸਪੀ (ਡੀ) ਗੁਰਵੀਰ ਸਿੰਘ, ਡੀਐੱਸਪੀ ਸਮਾਣਾ ਫਤਿਹ ਸਿੰਘ ਬਰਾੜ, ਸੀਆਈਏ ਸਟਾਫ਼ ਪਟਿਆਲਾ ਦੇ ਇੰਚਾਰਜ ਸਿਮਰਜੀਤ ਸਿੰਘ ਸ਼ੇਰਗਿੱਲ, ਸੀਆਈਏ ਸਟਾਫ਼ ਸਮਾਣਾ ਦੇ ਇੰਚਾਰਜ ਇੰਸਪੈਕਟਰ ਅੰਕੁਰਦੀਪ ਸਿੰਘ ਅਤੇ ਥਾਣਾ ਪਸਿਆਣਾ ਦੇ ਇੰਚਾਰਜ ਪਵਿੱਤਰ ਸਿੰਘ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਗਈਆਂ ਸਨ, ਜਿਨ੍ਹਾਂ ਵੱਲੋਂ ਤਿੰਨਾਂ ਨੂੰ 25 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਪਸਿਆਣਾ ਵਿਖੇ ਮੁਕੱਦਮਾ ਦਰਜ ਕਰਕੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 103(1), 140(1) ਅਤੇ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਰਾਣੀ ਰੰਜਿਸ਼ ਕਾਰਨ ਕੀਤਾ ਕਤਲ
ਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਨਵਾਬ ਖਾਨ ਉਰਫ਼ ਦੋਦਾ ਖ਼ਿਲਾਫ਼ ਵੀ ਵੱਖ-ਵੱਖ ਅਪਰਾਧਾਂ ਸਬੰਧੀ ਦੋ ਮੁਕੱਦਮੇ ਦਰਜ ਸਨ। ਉਹ 15 ਅਪ੍ਰੈਲ 2023 ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਅਨੁਸਾਰ, ਨਵਾਬ ਖਾਨ ਵੱਲੋਂ ਲੜਕੀ ਨੂੰ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ।
ਇਸ ਸਬੰਧੀ ਲੜਕੀ ਨੇ ਆਪਣੇ ਭਰਾ ਸਹਿਜਵੀਰ ਸਿੰਘ ਨੂੰ ਜਾਣਕਾਰੀ ਦਿੱਤੀ ਸੀ ਅਤੇ ਨਵਾਬ ਖਾਨ ਨੂੰ ਲੜਕੀ ਨੂੰ ਤੰਗ ਨਾ ਕਰਨ ਲਈ ਕਿਹਾ ਗਿਆ ਸੀ ਪਰ ਇਸ ਦੇ ਬਾਵਜੂਦ ਕਥਿਤ ਤੌਰ ’ਤੇ ਤੰਗ-ਪਰੇਸ਼ਾਨ ਕਰਨਾ ਜਾਰੀ ਰਿਹਾ। ਇਸੇ ਰੰਜਿਸ਼ ਦੇ ਚੱਲਦਿਆਂ ਸਹਿਜਵੀਰ ਸਿੰਘ ਨੇ ਆਪਣੇ ਸਾਥੀਆਂ ਗੁਰਸੇਵਕ ਸਿੰਘ ਅਤੇ ਜਗਜੀਤ ਸਿੰਘ ਨਾਲ ਮਿਲ ਕੇ ਨਵਾਬ ਖਾਨ ਦੀ ਰੇਕੀ ਕੀਤੀ ਅਤੇ 23 ਅਕਤੂਬਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਕਾਲਾਝਾੜ ਟੋਲ ਪਲਾਜ਼ਾ ਨੇੜੇ ਡ੍ਰੇਨ ’ਚ ਸੁੱਟ ਦਿੱਤੀ। ਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਕਾਰਪੀਓ ਗੱਡੀ ਤੋਂ ਮਿਲਿਆ ਸੁਰਾਗ
ਮੁਲਜ਼ਮਾਂ ਨੇ ਸਕਾਰਪੀਓ ਗੱਡੀ ਦੀਆਂ ਨੰਬਰ ਪਲੇਟਾਂ ਢਕੀਆਂ ਹੋਈਆਂ ਸਨ ਪਰ ਵਾਰਦਾਤ ਤੋਂ ਬਾਅਦ ਉਹ ਗੱਡੀ ਇਲਾਕੇ ਵਿੱਚ ਹੀ ਛੱਡ ਗਏ। ਸੀਆਈਏ ਸਟਾਫ਼ ਸਮਾਣਾ ਦੀ ਟੀਮ ਜਾਂਚ ਕਰਦਿਆਂ ਸੰਗਰੂਰ ਇਲਾਕੇ ਵਿੱਚ ਪਹੁੰਚੀ, ਜਿੱਥੋਂ ਗੱਡੀ ਬਰਾਮਦ ਕੀਤੀ ਗਈ। ਗੱਡੀ ਵਿੱਚੋਂ ਮਿਲੇ ਖ਼ੂਨ ਦੇ ਨਿਸ਼ਾਨਾਂ ਨੇ ਵਾਰਦਾਤ ਨਾਲ ਇਸਦੇ ਸਬੰਧ ਦੀ ਪੁਸ਼ਟੀ ਕਰਨ ਵਿੱਚ ਮਦਦ ਕੀਤੀ।
ਪੁਲਿਸ ਨੇ ਗੱਡੀ ਦੇ ਨੰਬਰ ਰਾਹੀਂ ਉਸ ਦੇ ਮਾਲਕ ਦਾ ਪਤਾ ਲਗਾਇਆ। ਜਾਂਚ ਦੌਰਾਨ ਕਿਰਾਏ ’ਤੇ ਗੱਡੀ ਲੈਣ ਵਾਲੇ ਮੁਲਜ਼ਮਾਂ ਦੇ ਆਧਾਰ ਕਾਰਡ ਵੀ ਮਿਲੇ, ਜਿਸ ਦੇ ਆਧਾਰ ’ਤੇ ਪੁਲਿਸ ਉਨ੍ਹਾਂ ਤੱਕ ਪਹੁੰਚੀ ਅਤੇ ਗ੍ਰਿਫ਼ਤਾਰ ਕਰ ਲਿਆ।