ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਾਵਨ ਮਿੱਟੀ ਕਲਸ਼ ਯਾਤਰਾ ਦੇਵੀਗੜ੍ਹ ਪੁੱਜੀ ਕਲਸ਼ ਯਾਤਰਾ ਰਾਹੀਂ ਗੁਰੂ ਸਾਹਿਬ ਦੀ ਪਾਵਨ ਯਾਦ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਸੰਗਤਾਂ ਨੂੰ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ।
Publish Date: Sun, 09 Aug 2026 06:15 PM (IST)
Updated Date: Mon, 10 Aug 2026 11:37 AM (IST)
ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ : ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਾਵਨ ਮਿੱਟੀ ਕਲਸ਼ ਯਾਤਰਾ ਐਤਵਾਰ ਨੂੰ ਦੇਵੀਗੜ ਵਿਖੇ ਪਹੁੰਚੀ। ਕਾਂਸੀ ਦੀ ਪਾਵਨ ਧਰਤੀ ਤੋਂ ਆਰੰਭ ਹੋਈ ਇਹ ਯਾਤਰਾ ਚੰਡੀਗੜ੍ਹ ਰਾਹੀਂ ਹਲਕਾ ਸਨੌਰ ਦੇ ਵੱਖ-ਵੱਖ ਮੰਡਲਾਂ ਦੇਵੀਗੜ੍ਹ, ਭਾਂਖਰ, ਘੜਾਮ ਅਤੇ ਬਲਬੇੜਾ ਵਿਖੇ ਪਹੁੰਚੀ, ਜਿੱਥੇ ਸੰਗਤਾਂ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਭਾਜਪਾ ਵੱਲੋਂ ਯਾਤਰਾ ਲਈ ਨਿਯੁਕਤ ਸੱਤ ਮੰਡਲਾਂ ਦੇ ਪ੍ਰਭਾਰੀ ਜੱਸੀ ਗੁੱਜਰ ਬੱਲਾਂ ਨੇ ਦੱਸਿਆ ਕਿ ਦੇਵੀਗੜ੍ਹ ਪਹੁੰਚਣ ’ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਾਵਨ ਮਿੱਟੀ ਵਾਲੇ ਕਲਸ਼ ਦੇ ਦਰਸ਼ਨ ਕੀਤੇ। ਸੰਗਤਾਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਜੈਕਾਰਿਆਂ ਨਾਲ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਸੰਗਤਾਂ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ ਨੂੰ ਬਰਾਬਰੀ, ਭਾਈਚਾਰੇ, ਸਾਂਝੀਵਾਲਤਾ ਅਤੇ ਨਾਮ ਸਿਮਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਕਲਸ਼ ਯਾਤਰਾ ਰਾਹੀਂ ਗੁਰੂ ਸਾਹਿਬ ਦੀ ਪਾਵਨ ਯਾਦ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਸੰਗਤਾਂ ਨੂੰ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ।