
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁੰਦਨ ਗਿਰੀ ਮਹਾਰਾਜ ਸ਼ਿਵ ਮੰਦਰ ’ਚ ਸ਼ਿਵਲਿੰਗ ਤੇ ਮੂਰਤੀਆਂ ਨਾ ਮਿਲਣ ’ਤੇ ਹਿੰਦੂ ਸੰਗਠਨਾਂ ’ਚ ਰੋਸ

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਐੱਸਐੱਸਟੀ ਨਗਰ ਸਥਿਤ ਕੁੰਦਨ ਗਿਰੀ ਮਹਾਰਾਜ ਸ਼ਿਵ ਮੰਦਰ ’ਚ ਸ਼ਿਵਲਿੰਗ ਤੇ ਭਗਵਾਨ ਦੀਆਂ ਮੂਰਤੀਆਂ ਨਾ ਮਿਲਣ ਤੇ ਮੰਦਰ ਦੇ ਮੁੱਖ ਦਰਵਾਜ਼ੇ ’ਤੇ ਤਾਲੇ ਲੱਗੇ ਹੋਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਿੰਦੂ ਸੰਗਠਨਾਂ ’ਚ ਰੋਸ ਪਾਇਆ ਜਾ ਰਿਹਾ ਹੈ। ਹਿੰਦੂ ਸੁਰੱਖਿਆ ਕਮੇਟੀ ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਨੇ ਮਾਮਲੇ ਨੂੰ ਲੈ ਕੇ 18 ਅਗਸਤ ਨੂੰ ਮੰਦਰ ’ਚ ਸਾਂਝੇ ਤੌਰ ’ਤੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਹੈ। ਹਿੰਦੂ ਸੁਰੱਖਿਆ ਕਮੇਟੀ ਦੇ ਪ੍ਰਧਾਨ ਕੁਸ਼ਲ ਚੋਪੜਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਫ਼ੈਸਲਾ ਕੀਤਾ ਗਿਆ ਸੀ ਕਿ 14 ਅਗਸਤ ਨੂੰ ਮੰਦਰ ’ਚ ਪੂਜਾ ਕਰਕੇ ਭਗਵਾਨ ਸ਼ਿਵ ਨੂੰ ਜਲ ਅਰਪਿਤ ਕੀਤਾ ਜਾਵੇਗਾ। ਸੰਗਠਨਾਂ ਦੇ ਨੁਮਾਇੰਦਿਆਂ ਅਨੁਸਾਰ ਜਦੋਂ ਉਹ ਮੰਦਰ ਪਹੁੰਚੇ ਤਾਂ ਉੱਥੇ ਸ਼ਿਵਲਿੰਗ ਤੇ ਭਗਵਾਨ ਦੀਆਂ ਮੂਰਤੀਆਂ ਨਹੀਂ ਸਨ ਅਤੇ ਮੁੱਖ ਦਰਵਾਜ਼ੇ ’ਤੇ ਦੋ ਤਾਲੇ ਲੱਗੇ ਹੋਏ ਸਨ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਡੀਸੀਪੀ ਸੰਜੀਵ ਸਿੰਗਲਾ ਮੌਕੇ ’ਤੇ ਪਹੁੰਚੇ। ਇਸ ਤੋਂ ਬਾਅਦ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਮੌਜੂਦਗੀ ’ਚ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ। ਸੰਗਠਨਾਂ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਹੈ ਕਿ 18 ਅਗਸਤ ਨੂੰ ਸਵੇਰੇ 11 ਵਜੇ ਹਿੰਦੂ ਸੰਗਠਨਾਂ ਦੀ ਸਾਂਝੀ ਕਮੇਟੀ ਬਣਾਕੇ ਮੰਦਰ ਦੀਆਂ ਚਾਬੀਆਂ ਸੌਂਪੀਆਂ ਜਾਣਗੀਆਂ ਤੇ ਸ਼ਿਵਲਿੰਗ ਤੇ ਮੂਰਤੀਆਂ ਨੂੰ ਮੁੜ ਸਥਾਪਿਤ ਕੀਤਾ ਜਾਵੇਗਾ। ਸੰਗਠਨਾਂ ਨੇ ਸਾਰੇ ਸਨਾਤਨੀਆਂ ਨੂੰ ਅਪੀਲ ਕੀਤੀ ਕਿ 18 ਅਗਸਤ ਨੂੰ ਸ਼ਾਮ 6 ਵਜੇ ਮੰਦਰ ਵਿੱਚ ਹੋਣ ਵਾਲੇ ਹਨੂੰਮਾਨ ਚਾਲੀਸਾ ਪਾਠ ’ਚ ਵੱਧ ਤੋਂ ਵੱਧ ਗਿਣਤੀ ’ਚ ਸ਼ਾਮਲ ਹੋਣ। ਉਨ੍ਹਾਂ ਕਿਹਾ ਕਿ ਮੰਦਰ ਆਸਥਾ ਦਾ ਕੇਂਦਰ ਹਨ ਅਤੇ ਕਿਸੇ ਨੂੰ ਵੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮੌਕੇ ਸੁਭਾਸ਼ ਵਰਮਨ, ਤਰਸੇਮ ਸੇਮੀ, ਗੁਰਦੀਪ ਬੇਦੀ, ਰਾਮਲੀਲਾ ਮੰਚਨ ਜੋੜੀਆਂ ਭਟੀਆ ਦੇ ਪ੍ਰਧਾਨ ਵਰੁਣ ਜਿੰਦਲ, ਪ੍ਰਾਚੀਨ ਭੂਤਨਾਥ ਮੰਦਰ ਦੇ ਸੀਨੀਅਰ ਉਪ ਪ੍ਰਧਾਨ ਸੁਸ਼ੀਲ ਨਾਇਰ, ਅਨੁਰਾਗ ਸ਼ਰਮਾ, ਦਵਿੰਦਰ ਰਾਜਪੂਤ, ਰੋਹਿਤ ਜਲੋਟਾ, ਵਿਕਾਸ ਕਪੂਰ, ਅਸ਼ੋਕ ਸ਼ਰਮਾ, ਮਨਮੋਹਨ ਪਿੰਟਾ, ਕੁਲਦੀਪ ਕੌਸ਼ਲ, ਸਾਹਿਲ ਬਾਤਿਸ਼, ਵਿਵੇਕ ਸ਼ਰਮਾ, ਯੁਵਰਾਜ ਮਲਹੋਤਰਾ, ਸਮੇਤ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੁਮਾਇੰਦੇ ਮੌਜੂਦ ਸਨ।