- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਪਬਲਿਕ ਸਕੂਲ ਵਿੱਚ ਹਿੰਦੀ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡੀਏਵੀ ਪਬਲਿਕ ਸਕੂਲ ਪਟਿਆਲਾ ਵਿਖੇ ਹਿੰਦੀ ਦਿਵਸ ਤੇ ਮਹਾਰਿਸ਼ੀ ਵਿਰਜਾਨੰਦ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਵਿਵੇਕ ਤਿਵਾਰੀ ਤੇ ਸਮੂਹ ਸਟਾਫ਼ ਵੱਲੋਂ ਹਵਨ-ਯੱਗ ਕਰਕੇ ਕੀਤੀ ਗਈ। ਇਸ ਦੌਰਾਨ ਮਹਾਰਿਸ਼ੀ ਵਿਰਜਾਨੰਦ ਜੀ ਦੇ ਜੀਵਨ, ਆਦਰਸ਼ਾਂ ਅਤੇ ਸਿੱਖਿਆਵਾਂ ਨੂੰ ਸ਼ਰਧਾਪੂਰਵਕ ਯਾਦ ਕੀਤਾ ਗਿਆ। ਹਿੰਦੀ ਵਿਭਾਗ ਵੱਲੋਂ ਪ੍ਰਿੰਸੀਪਲ ਵਿਵੇਕ ਤਿਵਾਰੀ ਤੇ ਅਨੁ ਤਿਵਾਰੀ ਦਾ ਸਵਾਗਤ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਰਚਨਾ ਸ਼ਰਮਾ ਨੇ ਕੀਤਾ। ਰਿੱਧੀ ਸਿੰਗਲਾ ਨੇ ਮਹਾਰਿਸ਼ੀ ਵਿਰਜਾਨੰਦ ਜੀ ਦੇ ਜੀਵਨ, ਸੰਘਰਸ਼ ਅਤੇ ਰਾਸ਼ਟਰ ਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਮੰਜੂ ਬਾਂਸਲ ਅਤੇ ਪੂਜਾ ਵਰਮਾ ਨੇ ਕਾਵਿ-ਪਾਠ ਪੇਸ਼ ਕੀਤਾ। ਇੰਦੂ ਬਾਲਾ ਨੇ ਹਿੰਦੀ ਦਿਵਸ ਦੀ ਮਹੱਤਤਾ ਤੇ ਹਿੰਦੀ ਭਾਸ਼ਾ ਦੀ ਸਮ੍ਰਿੱਧਤਾ ਬਾਰੇ ਵਿਚਾਰ ਸਾਂਝੇ ਕੀਤੇ। ਵਿਦਿਆਰਥੀਆਂ ਵੱਲੋਂ ਪੇਸ਼ ਲਘੂ ਨਾਟਿਕਾ ਰਾਹੀਂ ਹਿੰਦੀ ਭਾਸ਼ਾ, ਭਾਰਤੀ ਸੱਭਿਆਚਾਰ ਅਤੇ ਨੈਤਿਕ ਕਦਰਾਂ-ਕੀਮਤਾਂ ਦਾ ਸੰਦੇਸ਼ ਦਿੱਤਾ ਗਿਆ। ਮਨੀਸ਼ਾ ਅਤੇ ਕਿਰਨ ਪਾਲ ਕੌਰ ਦੀ ਅਗਵਾਈ ਹੇਠ ਹਿੰਦੀ ਕੁਇਜ਼ ਵੀ ਕਰਵਾਇਆ ਗਿਆ। ਪ੍ਰਿੰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਨੂੰ ਹਿੰਦੀ ਭਾਸ਼ਾ ਦੇ ਸਨਮਾਨ ਅਤੇ ਮਹਾਰਿਸ਼ੀ ਵਿਰਜਾਨੰਦ ਜੀ ਦੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਰਚਨਾ ਸ਼ਰਮਾ ਨੇ ਸਭ ਦਾ ਧੰਨਵਾਦ ਕੀਤਾ।