ਮੰਗਾਂ ਨਾ ਮੰਨੇ ਜਾਣ ਤੋਂ ਅੱਕੀ ਮਹਿਲਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਾਵਰਕਾਮ ਦਫ਼ਤਰ ਬਾਹਰ ਮਾਹੌਲ ਹੋਇਆ ਤਣਾਅਪੂਰਨ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀਐੱਸਪੀਸੀਐੱਲ ਦੀ ਅਗਵਾਈ ਹੇਠ ਚੱਲ ਰਹੇ ਰੋਸ਼ ਪ੍ਰਦਰਸਨ ਦੌਰਾਨ ਉਸ਼ ਵੇਲੇ ਮਾਹੌਲ ਭਖ ਗਿਆ ਜਦੋਂ ਸ਼ੁੱਕਰਵਾਰ ਬਾਅਦ ਦੁਪਹਿਰ ਇੱਕ ਮਹਿਲਾ ਪ੍ਰਦਸ਼ਨਕਾਰੀ ਵੱਲੋਂ ਤੇਲ ਪਾ ਕੇ ਅੱਗ ਲਗਾਉਣ ਦੀ ਕੋਸਿਸ ਕੀਤੀ ਗਈ।
Publish Date: Fri, 16 Oct 2026 05:47 PM (IST)
Updated Date: Fri, 16 Oct 2026 05:49 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਾਵਰਕਾਮ ਦੇ ਮੁੱਖ ਦਫਤਰ ਅੱਗੇ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੀਐੱਸਪੀਸੀਐੱਲ ਦੀ ਅਗਵਾਈ ਹੇਠ ਚੱਲ ਰਹੇ ਰੋਸ਼ ਪ੍ਰਦਰਸਨ ਦੌਰਾਨ ਉਸ਼ ਵੇਲੇ ਮਾਹੌਲ ਭਖ ਗਿਆ ਜਦੋਂ ਸ਼ੁੱਕਰਵਾਰ ਬਾਅਦ ਦੁਪਹਿਰ ਇੱਕ ਮਹਿਲਾ ਪ੍ਰਦਸ਼ਨਕਾਰੀ ਵੱਲੋਂ ਤੇਲ ਪਾ ਕੇ ਅੱਗ ਲਗਾਉਣ ਦੀ ਕੋਸਿਸ ਕੀਤੀ ਗਈ। ਇਸ ਦੌਰਾਨ ਮੌਜੂਦ ਪੁਲਿਸ ਅਧਿਕਾਰੀਆਂ ਤੇ ਉਸਦੇ ਸਾਥੀਆਂ ਨੇ ਉਕਤ ਮਹਿਲਾਂ ਨੂੰ ਅੱਗ ਲਗਾਉਣ ਤੋਂ ਰੋਕਿਆ। ਭੜਕੇ ਧਰਨਾਕਾਰੀਆਂ ਵੱਲੋਂ ਪਾਵਰਕਾਮ ਮੈਨੇਜਮੈਂਟ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ ਤੇ ਮੁੱਖ ਦਫਤਰ ਦਾ ਮੇਨ ਗੇਟ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਪੰਜ ਦਿਨਾਂ ਤੋਂ ਪਾਵਰਕਾਮ ਦੇ ਮੁੱਖ ਦਫਤਰ ਦੀ ਛੱਤ ’ਤੇ ਚੜ੍ਹੇ ਇਨ੍ਹਾਂ ਦੇ 9 ਸਾਥੀਆਂ ਵੱਲੋਂ ਵੀ ਆਪਣਾ ਰੋਸ਼ ਪ੍ਰਦਰਸਨ ਜਾਰੀ ਰੱਖਿਆ।
ਜਥੇਬੰਦੀ ਆਗੂ ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ ਬੀਤੇ ਦਿਨੀਂ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੇਜਮੈਂਟ ਨਾਲ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਦੇ ਯਤਨ ਆਰੰਭੇ ਗਏ ਸਨ ਪਰੰਤੂ ਯਤਨ ਸਿਰੇ ਨਹੀਂ ਚੜ ਸਕੇ। ਉਨ੍ਹਾਂ ਦੱਸਿਆ ਕਿ ਅੱਜ ਯੂਨੀਅਨ ਵੱਲੋਂ ਸੀਐਮਡੀ ਨਾਲ ਮੀਟਿੰਗ ਦਾ ਸਮਾਂ ਮੰਗਿਆਂ ਗਿਆ ਸੀ ਪ੍ਰੰਤੂ ਮੀਟਿੰਗ ਨਾ ਹੋਣ ’ਤੇ ਯੂਨੀਅਨ ਵੱਲੋਂ ਪਾਰਵਕਾਮ ਦਾ ਮੁੱਖ ਗੇਟ ਬੰਦ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦੌਰਾਨ ਗੇਟ ਬੰਦ ਕਰਨ ਸਮੇਂ ਪੁਲਿਸ ਨੇ ਗੇਟ ਬੰਦ ਕਰਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਦੇ ਮਹਿਲਾ ਸਾਥੀ ਹਰਪ੍ਰੀਤ ਕੌਰ ਵੱਲੋਂ ਡੀਜਲ ਤੇਲ ਪਾ ਕੇ ਅੱਗ ਲਗਾਉਣ ਦੀ ਕੋਸਿਸ਼ ਕੀਤੀ ਗਈ, ਜਿਸਨੂੰ ਸਮਝਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਦੇ 9 ਮੈਂਬਰ ਪਿਛਲੇ ਪੰਜ ਦਿਨਾਂ ਤੋਂ ਮੁੱਖ ਦਫਤਰ ਦੀ ਛੱਤ ’ਤੇ ਚੜ੍ਹੇ ਹੋਏ ਹਨ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਕੌਰ, ਗੁਰਤੇਜ ਸਿੰਘ, ਸੈਬਰ ਸਿੰਘ, ਸ਼ਿਵਨਾਥ ਸਿੰਘ, ਰਾਜਵੀਰ ਸਿੰਘ, ਨਾਜਮ ਸਿੰਘ, ਦਵਿੰਦਰ ਸਿੰਘ, ਬੰਟੀ ਗੁਜਰਾਲ ਪ੍ਰਦਰਸਨਕਾਰੀ ਹਾਜਰ ਸਨ।