ਗੋਲਾ ਅਚਾਰੀ ਅੰਬ ਦੀ ਜ਼ਿਆਦਾ ਮੰਗ, 250 ਰੁਪਏ ਪਨਸੇਰੀ ਗੋਲਾ ਅਚਾਰੀ ਅੰਬ ਦੀ ਜਿਆਦਾ ਮੰਗ, 250 ਰੁਪਏ ਪਨਸੇਰੀ
Publish Date: Tue, 30 Jun 2026 05:17 PM (IST)
Updated Date: Wed, 01 Jul 2026 04:05 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਖੱਟੇ-ਮਿੱਠੇ ਅੰਬ ਦੇ ਸੁਆਦਲੇ ਅਚਾਰ ਨੂੰ ਭਲਾ ਕੌਣ ਪਸੰਦ ਨਹੀਂ ਕਰਦਾ। ਹਾਲਾਂਕਿ ਨਿੰਬੂ, ਆਂਵਲਾ, ਮਿਰਚ, ਕਰੌਂਦਾ, ਗਾਜਰ ਅਤੇ ਅਦਰਕ ਵਰਗੇ ਹੋਰ ਕਈ ਅਚਾਰ ਵੀ ਬਣਾਏ ਜਾਂਦੇ ਹਨ, ਪਰ ਅੰਬ ਦਾ ਅਚਾਰ ਹਾਲੇ ਵੀ ਹਰ ਘਰ ਦੀ ਰਸੋਈ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਨ੍ਹੀ ਦਿਨੀ ਸੰਗਰੂਰ ਦੀ ਸਬਜ਼ੀ ਮੰਡੀ ਵਿੱਚ ਅਚਾਰ ਲਈ ਕੱਚੇ ਅੰਬ ਦੀ ਆਮਦ ਸ਼ੁਰੂ ਹੋ ਗਈ ਹੈ। ਅਚਾਰ ਲਈ ਸਭ ਤੋਂ ਵਧੀਆ ਕਿਸਮ ਰਾਮਕੇਲਾ ਮੰਨੀ ਜਾਂਦੀ ਹੈ, ਪਰ ਇਹ ਅਜੇ ਕੁਝ ਦਿਨਾਂ ਬਾਅਦ ਬਾਜ਼ਾਰ ਵਿੱਚ ਆਵੇਗੀ। ਇਸ ਵੇਲੇ ਸਹਾਰਨਪੁਰ ਤੋਂ ਆਇਆ ਦੇਸੀ ਗੋਲਾ ਕਿਸਮ ਦਾ ਕੱਚਾ ਅੰਬ ਦੀ ਖੂਬ ਵਿਕਰੀ ਹੋ ਰਹੀ ਹੈ, ਜਿਸ ਦੀ ਗਾਹਕਾਂ ਵੱਲੋਂ ਖੂਬ ਖਰੀਦਦਾਰੀ ਕੀਤੀ ਜਾ ਰਹੀ ਹੈ। ਸੰਗਰੂਰ ਸਬਜ਼ੀ ਮੰਡੀ ਵਿੱਚ ਅਚਾਰ ਵਾਲੇ ਅੰਬ ਦੇ ਵਿਕਰੇਤਾ ਭੋਲਾ ਰਾਮ ਨੇ ਦੱਸਿਆ ਕਿ ਇਸ ਸਮੇਂ 5 ਕਿਲੋ ਕੱਚੇ ਅੰਬ ਦੀ ਕੀਮਤ 250 ਰੁਪਏ ਹੈ, ਜਦਕਿ ਅੰਬ ਕਟਾਈ 10 ਰੁਪਏ ਪ੍ਰਤੀ ਕਿਲੋ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਅਚਾਰ ਲਈ ਮਸ਼ਹੂਰ ਰਾਮਕੇਲਾ ਕਿਸਮ ਦਾ ਕੱਚਾ ਅੰਬ ਪਿਛਲੇ ਸਾਲ 5 ਕਿਲੋ 350 ਰੁਪਏ ਤੱਕ ਵਿਕਿਆ ਸੀ, ਜਦਕਿ ਇਸ ਵਾਰ ਸ਼ੁਰੂਆਤੀ ਭਾਅ ਹੀ 400 ਰੁਪਏ ਪ੍ਰਤੀ 5 ਕਿਲੋ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਹ ਅੰਬ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਆਉਂਦਾ ਹੈ ਅਤੇ ਇਸ ਦੀ ਵਿਕਰੀ ਕਰੀਬ 15 ਦਿਨ ਤੱਕ ਹੀ ਰਹਿੰਦੀ ਹੈ। ਰਾਮਕੇਲਾ ਕਿਸਮ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਰਸਾਇਣਾਂ ਨਾਲ ਨਹੀਂ ਪਕਾਇਆ ਜਾਂਦਾ, ਇਹ ਰਸੀਲਾ ਵੀ ਵੱਧ ਹੁੰਦਾ ਹੈ ਅਤੇ ਇਸ ਦਾ ਬਣਿਆ ਅਚਾਰ ਬਹੁਤ ਹੀ ਸੁਆਦਲਾ ਹੁੰਦਾ ਹੈ। ਬਾਕਸ-- ਦਸ਼ਹਿਰੀ ਨਾਲੋਂ ਵੀ ਮਹਿੰਗਾ ਅਚਾਰ ਵਾਲਾ ਅੰਬ ਬਾਜ਼ਾਰ ਵਿੱਚ ਖਾਣ ਲਈ ਮਸ਼ਹੂਰ ਦਸ਼ਹਿਰੀ ਅੰਬ ਦੀ ਕੀਮਤ ਇਸ ਸਮੇਂ ਕਰੀਬ ਡੇਢ ਕਿਲੋ ਲਈ 80 ਰੁਪਏ ਹੈ, ਭਾਵ ਲਗਭਗ 30 ਤੋਂ 32 ਰੁਪਏ ਪ੍ਰਤੀ ਕਿਲੋ। ਹੋਰ ਖਾਣ ਵਾਲੀਆਂ ਕਿਸਮਾਂ ਦੀਆਂ ਕੀਮਤਾਂ ਵੀ ਇਸ ਦੇ ਆਸ-ਪਾਸ ਹਨ। ਦੂਜੇ ਪਾਸੇ, ਅਚਾਰ ਵਾਲਾ ਕੱਚਾ ਅੰਬ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ, ਕਿਉਂਕਿ ਹੋਰ ਕਿਸਮਾਂ ਦੇ ਅੰਬਾਂ ਨਾਲ ਗੋਲਾ ਜਾਂ ਰਾਮਕੇਲਾ ਵਰਗਾ ਸੁਆਦਲਾ ਅਚਾਰ ਤਿਆਰ ਨਹੀਂ ਹੁੰਦਾ। ਬਾਕਸ-- ਘਰ ’ਚ ਹੀ ਤਿਆਰ ਕਰਦੇ ਹਨ ਅੰਬ ਦਾ ਅਚਾਰ ਮੰਡੀ ਵਿੱਚ ਅੰਬ ਖਰੀਦਣ ਆਈ ਸੁਮਨ ਦੇਵੀ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਪਰਿਵਾਰ ਲਈ ਘਰ ਵਿੱਚ ਹੀ ਅੰਬ ਦਾ ਅਚਾਰ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅਚਾਰ ਬਣਾਉਣ ਲਈ ਹੀੰਗ, ਹਲਦੀ, ਸਰ੍ਹੋਂ ਦਾ ਤੇਲ, ਰਾਈ, ਸੌਂਫ, ਨਮਕ, ਲਾਲ ਮਿਰਚ ਅਤੇ ਮੇਥੀ ਦਾਣਾ ਵਰਗੀਆਂ ਸਮੱਗਰੀਆਂ ਦੀ ਲੋੜ ਪੈਂਦੀ ਹੈ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਅਚਾਰ ਨੂੰ ਚੀਨੀ ਜਾਂ ਕੱਚ ਦੇ ਮਰਤਬਾਨ ਵਿੱਚ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਕੁਝ ਦਿਨਾਂ ਬਾਅਦ ਸੁਆਦਲਾ ਅੰਬ ਦਾ ਅਚਾਰ ਤਿਆਰ ਹੋ ਜਾਂਦਾ ਹੈ।