ਹੋਰ ਸਤਾਏਗੀ ਗਰਮੀ, ਬੱਚੇ ਤੇ ਬਜ਼ੁਰਗ ਰਹਿਣ ਵਧੇਰੇ ਸਾਵਧਾਨ ਹੋਰ ਸਤਾਏਗੀ ਗਰਮੀ, ਬੱਚੇ ਅਤੇ ਬਜ਼ੁਰਗ ਰਹਿਣ ਵਧੇਰੇ ਸਾਵਧਾਨ
Publish Date: Sat, 18 Jul 2026 03:38 PM (IST)
Updated Date: Sat, 18 Jul 2026 03:40 PM (IST)
ਫੋਟੋ 18ਪੀਟੀਐਲ: 5 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਸਮੇਤ ਮਾਲਵਾ ਖੇਤਰ ਵਿਚ ਮਾਨਸੂਨ ਦੀ ਰਫ਼ਤਾਰ ਹੌਲੀ ਪੈਣ ਕਾਰਨ ਇਕ ਵਾਰ ਫਿਰ ਗਰਮੀ ਤੇ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਪੰਜ ਦਿਨ ਦਿਨ ਦੇ ਸਮੇਂ ਤਾਪਮਾਨ 32 ਤੋਂ 35 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਹਵਾ ਵਿਚ ਨਮੀ 70 ਤੋਂ 90 ਫੀਸਦੀ ਤੱਕ ਰਹਿਣ ਕਾਰਨ ਲੋਕਾਂ ਨੂੰ ਅਸਲ ਤਾਪਮਾਨ ਨਾਲੋਂ ਵੱਧ ਗਰਮੀ ਮਹਿਸੂਸ ਹੋਵੇਗੀ। ਕੁਝ ਥਾਵਾਂ ਤੇ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਹੈ, ਪਰ ਇਸ ਨਾਲ ਗਰਮੀ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਕਦੇ-ਕਦੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਰਹੇਗੀ, ਪਰ ਹੁੰਮਸ ਕਾਰਨ ਲੋਕਾਂ ਨੂੰ ਗਰਮੀ ਦਾ ਅਸਰ ਮਹਿਸੂਸ ਹੁੰਦਾ ਰਹੇਗਾ। ਇਸ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਲਾਪਰਵਾਹੀ ਨਾ ਕਰਨ ਦੀ ਅਪੀਲ ਕੀਤੀ ਹੈ। -ਅਗਲੇ ਪੰਜ ਦਿਨਾਂ ਦਾ ਸੰਭਾਵਿਤ ਤਾਪਮਾਨ ਤਰੀਕ। ਤਾਪਮਾਨ। ਮੌਸਮ 18 ਜੁਲਾਈ। ਵੱਧ ਤੋਂ ਵੱਧ 35°C, ਘੱਟੋ-ਘੱਟ 28°C। ਹੁੰਮਸ ਜ਼ਿਆਦਾ। 19 ਜੁਲਾਈ। ਵੱਧ ਤੋਂ ਵੱਧ 34°C, ਘੱਟੋ-ਘੱਟ 27°C। ਬੱਦਲਵਾਈ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ। 20 ਜੁਲਾਈ। ਵੱਧ ਤੋਂ ਵੱਧ 33°C, ਘੱਟੋ-ਘੱਟ 27°C। ਗਰਜ ਨਾਲ ਛਿੱਟੇ ਪੈ ਸਕਦੇ ਹਨ। 21 ਜੁਲਾਈ। ਵੱਧ ਤੋਂ ਵੱਧ 32°C, ਘੱਟੋ-ਘੱਟ 26°C। ਮੌਸਮ ਬਦਲਿਆ ਰਹੇਗਾ। 22 ਜੁਲਾਈ। ਵੱਧ ਤੋਂ ਵੱਧ 33°C, ਘੱਟੋ-ਘੱਟ 26°C। ਹੁੰਮਸ ਜਾਰੀ ਰਹੇਗੀ। -ਡਾਕਟਰ ਸਲਾਹ ਡਾਕਟਰਾਂ ਦਾ ਕਹਿਣਾ ਹੈ ਕਿ ਗਰਮੀ ਅਤੇ ਹੁੰਮਸ ਦਾ ਸਭ ਤੋਂ ਵੱਧ ਅਸਰ ਛੋਟੇ ਬੱਚਿਆਂ, ਬਜ਼ੁਰਗਾਂ, ਦਿਲ ਦੇ ਮਰੀਜ਼ਾਂ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਤੇ ਪੈਂਦਾ ਹੈ। ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ ਅਨੁਸਾਰ ਇਸ ਮੌਸਮ ਵਿਚ ਸਰੀਰ ਵਿਚ ਪਾਣੀ ਦੀ ਕਮੀ (ਡੀਹਾਈਡ੍ਰੇਸ਼ਨ), ਚੱਕਰ ਆਉਣਾ, ਸਿਰ ਦਰਦ, ਉਲਟੀਆਂ, ਥਕਾਵਟ ਅਤੇ ਹੀਟ ਸਟਰੋਕ ਦੇ ਮਾਮਲੇ ਵਧ ਸਕਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਬੇਹੋਸ਼ੀ, ਸਾਹ ਲੈਣ ਵਿਚ ਦਿੱਕਤ ਜਾਂ ਲਗਾਤਾਰ ਉਲਟੀਆਂ ਹੋਣ ਤਾਂ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ। ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਦਿਨ ਭਰ ਵਿੱਚ ਵੱਧ ਤੋਂ ਵੱਧ ਪਾਣੀ ਪੀਣ, ਓਆਰਐਸ, ਨਿੰਬੂ ਪਾਣੀ, ਲੱਸੀ ਅਤੇ ਨਾਰੀਅਲ ਪਾਣੀ ਵਰਗੇ ਤਰਲ ਪਦਾਰਥਾਂ ਦੀ ਵਰਤੋਂ ਕਰਨ। ਬਾਹਰ ਨਿਕਲਦੇ ਸਮੇਂ ਸਿਰ ਨੂੰ ਕੱਪੜੇ ਜਾਂ ਟੋਪੀ ਨਾਲ ਢੱਕ ਕੇ ਰੱਖੋ ਅਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ। ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਲੋੜ ਧੁੱਪ ਵਿੱਚ ਜਾਣ ਤੋਂ ਬਚਣਾ ਚਾਹੀਦਾ ਹੈ। -ਬੱਚਿਆਂ ਦਾ ਰੱਖੋ ਧਿਆਨ ਬਾਲ ਰੋਗ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਸਵੇਰ ਦੀ ਸ਼ਿਫ਼ਟ ਵਿਚ ਲੱਗਦਾ ਹੈ ਅਤੇ ਕਲਾਸਰੂਮਾਂ ਵਿਚ ਪੱਖੇ, ਪੀਣ ਵਾਲੇ ਸਾਫ਼ ਪਾਣੀ ਅਤੇ ਹਵਾਦਾਰੀ ਦੀ ਪੂਰੀ ਵਿਵਸਥਾ ਹੈ ਤਾਂ ਬੱਚਿਆਂ ਨੂੰ ਸਕੂਲ ਭੇਜਿਆ ਜਾ ਸਕਦਾ ਹੈ। ਹਾਲਾਂਕਿ ਮਾਪਿਆਂ ਨੂੰ ਬੱਚਿਆਂ ਦੀ ਪਾਣੀ ਦੀ ਬੋਤਲ ਭਰ ਕੇ ਭੇਜਣੀ ਚਾਹੀਦੀ ਹੈ ਤੇ ਟਿਫ਼ਿਨ ਵਿਚ ਹਲਕਾ ਤੇ ਪੌਸ਼ਟਿਕ ਭੋਜਨ ਦੇਣਾ ਚਾਹੀਦਾ ਹੈ। ਜੇਕਰ ਬੱਚੇ ਨੂੰ ਬੁਖਾਰ, ਉਲਟੀ, ਚੱਕਰ ਜਾਂ ਕਮਜ਼ੋਰੀ ਮਹਿਸੂਸ ਹੋ ਰਹੀ ਹੋਵੇ ਤਾਂ ਉਸ ਨੂੰ ਘਰ ਵਿਚ ਆਰਾਮ ਕਰਵਾਉਣਾ ਹੀ ਠੀਕ ਰਹੇਗਾ। ਸਿਹਤ ਮਾਹਿਰਾਂ ਨੇ ਸਕੂਲਾਂ ਨੂੰ ਵੀ ਅਪੀਲ ਕੀਤੀ ਹੈ ਕਿ ਦੁਪਹਿਰ ਦੇ ਸਮੇਂ ਖੇਡਾਂ ਜਾਂ ਪੀ.ਟੀ. ਵਰਗੀਆਂ ਬਾਹਰੀ ਗਤੀਵਿਧੀਆਂ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬੱਚਿਆਂ ਨੂੰ ਸਮੇਂ-ਸਮੇਂ ਤੇ ਪਾਣੀ ਪੀਣ ਲਈ ਪ੍ਰੇਰਿਤ ਕੀਤਾ ਜਾਵੇ।