- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੂਡ ਸੇਫਟੀ ਟੀਮ ਵੱਲੋਂ ਮਿਆਦ ਪੁੱਗ ਚੁੱਕੀਆਂ ਖਾਣ ਪੀਣ ਦੀਆਂ ਵਸਤਾਂ ਜ਼ਬਤ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਭਾਦਸੋਂ ਰੋਡ ਵਿਖੇ ਸਥਿਤ ਬਲਿੰਕਿਟ ਸਟੋਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਲਗਭਗ 12 ਖਾਣ ਪੀਣ ਦੀਆਂ ਅਜਿਹੀਆਂ ਵਸਤਾਂ ਪਾਈਆਂ ਗਈਆਂ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਸੀ। ਟੀਮ ਵੱਲੋਂ ਇਨ੍ਹਾਂ ਸਾਰੀਆਂ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਇਸ ਤਹਿਤ ਬਣਾਏ ਗਏ ਨਿਯਮਾਂ ਤੇ ਰੈਗੂਲੇਸ਼ਨ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਵੱਲੋਂ ਡੋਮਿਨੋਜ਼ ਦੇ ਇਕ ਆਊਟਲੈੱਟ ਤੋਂ ਵੀ ਖਾਣ ਪੀਣ ਦੀਆਂ ਦੋ ਵਸਤਾਂ ਦੇ ਸੈਂਪਲ ਲੈਬਾਰਟਰੀ ਜਾਂਚ ਲਈ ਇਕੱਤਰ ਕੀਤੇ ਗਏ। ਫੂਡ ਸੇਫਟੀ ਵਿਭਾਗ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਬਲਿੰਕਿਟ, ਜ਼ੈਪਟੋ ਅਤੇ ਹੋਰ ਆਨਲਾਈਨ ਡਿਲੀਵਰੀ ਪਲੇਟਫਾਰਮਾਂ ਰਾਹੀਂ ਖਾਣ ਪੀਣ ਦੀਆਂ ਵਸਤਾਂ ਮੰਗਵਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣ ਤੇ ਸਮਾਨ ਦੀ ਡਿਲੀਵਰੀ ਸਮੇਂ ਉਸ ਦੀ ਨਿਰਮਾਣ ਮਿਤੀ, ਮਿਆਦ ਪੁੱਗਣ ਦੀ ਮਿਤੀ, ਪੈਕਿੰਗ ਦੀ ਸਥਿਤੀ ਅਤੇ ਲੇਬਲ ਉੱਤੇ ਦਰਜ ਹੋਰ ਲਾਜ਼ਮੀ ਜਾਣਕਾਰੀ ਨੂੰ ਧਿਆਨ ਨਾਲ ਚੈੱਕ ਕਰਨ। ਮਿਆਦ ਪੁੱਗ ਚੁੱਕੀਆਂ ਖਾਣ ਪੀਣ ਦੀਆਂ ਵਸਤਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਫੂਡ ਸੇਫਟੀ ਟੀਮ ਪਟਿਆਲਾ ਵੱਲੋਂ ਬਰਗਰ ਕਿੰਗ, ਡੋਮਿਨੋਜ਼ ਅਤੇ ਕੇ.ਐੱਫ.ਸੀ. ਸਮੇਤ ਕਈ ਪ੍ਰਸਿੱਧ ਫੂਡ ਚੇਨਾਂ ਤੋਂ ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਇਕੱਤਰ ਕੀਤੇ ਗਏ ਸਨ। ਸਬੰਧਤ ਲੈਬਾਰਟਰੀ ਰਿਪੋਰਟਾਂ ਅਨੁਸਾਰ ਬਰਗਰ ਕਿੰਗ ਤੋਂ ਲਿਆ ਗਿਆ ਕੁਕਿੰਗ ਆਇਲ (ਖਾਣਾ ਪਕਾਉਣ ਵਾਲੇ ਤੇਲ) ਦਾ ਸੈਂਪਲ, ਡੋਮਿਨੋਜ਼ ਤੋਂ ਲਿਆ ਗਿਆ ਪਿਊਰੀ ਦਾ ਸੈਂਪਲ ਅਤੇ ਕੇ.ਐੱਫ.ਸੀ. ਤੋਂ ਲਿਆ ਗਿਆ ਕੱਚੇ ਚਿਕਨ ਦਾ ਸੈਂਪਲ ਘਟੀਆ ਗੁਣਵੱਤਾ (ਸਬ—ਸਟੈਂਡਰਡ) ਦਾ ਪਾਇਆ ਗਿਆ ਸੀ। ਵਿਭਾਗ ਵੱਲੋਂ ਸਾਰੇ ਫੂਡ ਬਿਜ਼ਨਸ ਆਪਰੇਟਰਾਂ, ਜਿਨ੍ਹਾਂ ਵਿਚ ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਵੀ ਸ਼ਾਮਲ ਹਨ, ਨੂੰ ਫੂਡ ਸੇਫਟੀ ਦੇ ਨਿਰਧਾਰਤ ਮਾਪਦੰਡਾਂ ਅਤੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ।