ਪ੍ਰਦੂਸ਼ਿਤ ਵਾਤਾਵਰਣ : ਸਾਹ ਲੈਣਾ ਹੋਇਆ ਔਖਾ, ਹਸਪਤਾਲਾ ’ਚ ਓਪੀਡੀ ਵਧੀ ਪ੍ਰਦੂਸ਼ਿਤ ਵਾਤਾਵਰਣ : ਸਾਂਹ ਲੈਣਾ ਹੋਇਆ ਔਖਾ- ਹਸਪਤਾਲਾ ’ਚ ਓਪੀਡੀ ਵਧੀ
Publish Date: Fri, 13 Nov 2026 05:53 PM (IST)
Updated Date: Fri, 13 Nov 2026 05:54 PM (IST)
ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਪਿਛਲੇ ਕਈ ਦਿਨਾਂ ਤੋਂ ਪਟਿਆਲਾ ਜ਼ਿਲ੍ਹੇ ਦੀ ਹਵਾ ਗੁਣਵੱਤਾ ਲਗਾਤਾਰ ਖਰਾਬ ਸਥਿਤੀ ’ਚ ਰਹਿਣ ਕਾਰਨ ਜਿੱਥੇ ਆਮ ਲੋਕਾਂ ਨੂੰ ਸਾਹ ਲੈਣ ’ਚ ਵੀ ਤਖਲੀਫ ਮਹਿਸ਼ੂਸ ਹੋਣ ਲੱਗੀ ਹੈ ਉੱਥੇ ਹੀ ਸਾਂਹ ਤੇ ਦਮੇ ਦੇ ਰੋਗੀਆਂ ਨੂੰ ਇਸ ਸਥਿਤੀ ’ਚ ਹੋਰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੁੰਦੇ ਧੂਏਂ ਨਾਲ ਹਵਾ ਦੀ ਗੁਣਵਤਾ ਖਰਾਬ ਸਥਿਤੀ ’ਚ ਪਹੁੰਚ ਗਈ ਹੈ। ਇਸ ਵਿਚ ਲੰਘੀ ਦੀਵਾਲੀ ਵੇਲੇ ਚਲਾਏ ਗਏ ਪਟਾਕਿਆਂ ਕਾਰਨ ਹੋਇਆ ਪ੍ਰਦੂਸ਼ਣ ਵੀ ਜ਼ਿੰਮੇਵਾਰ ਹੈ। ਇਸ ਮੌਸਮ ਦੌਰਾਨ ਸਾਹ ਲੈਣ ’ਚ ਵੱਡੀ ਦਿੱਕਤ ਆਉਂਦੀ ਹੈ। ਇਨ੍ਹਾਂ ਦਿਨਾਂ ’ਚ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਧਣ ਕਾਰਨ ਹਰ ਸਾਲ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਜਾਂਦੀ ਹੈ। ਪਟਿਆਲਾ ਜ਼ਿਲ੍ਹੇ ਦੀ ਹਵਾ ਗੁਣਵੱਤਾ ਵੀਰਵਾਰ ਨੂੰ 230 ਏਕਿਊਆਈ ਸੀ, ਜੋ ਕਿ ਸਾਹ ਲੈਣ ਲਈ ਸਹੀ ਸਥਿਤੀ ਨਹੀਂ ਹੈ। ਧੂਏਂ ਅਤੇ ਖਰਾਬ ਹਵਾ ਕਾਰਨ ਮਰੀਜ਼ਾਂ ਦੀ ਗਿਣਤੀ ਵੀ ਹਸਪਤਾਲਾਂ ’ਚ ਵਧਣ ਲੱਗ ਗਈ ਹੈ। ਖੰਘ-ਜੁਕਾਮ ਤੇ ਛਾਤੀ ’ਚ ਬਲਗਮ ਜਮਣ ਦੇ ਕੇਸ ਵੱਡੀ ਗਿਣਤੀ ’ਚ ਸਾਹਮਣੇ ਆਉਣ ਲੱਗੇ ਹਨ ਤੇ ਰੋਜ਼ਾਨਾਂ ਦੀ ਓਪੀਡੀ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ ਕਰਕੇ ਅਜਿਹੇ ਮੌਸਮ ’ਚ ਆਪਣਾ ਖਿਆਲ ਰੱਖਣ ਲਈ ਵਿਸ਼ੇਸ਼ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਧੂਏਂ ਕਾਰਨ ਰਾਜਿੰਦਰਾ ਹਸਪਤਾਲ, ਮਾਤਾ ਕੁਸ਼ੱਲਿਆ ਤੇ ਟੀਵੀ ਹਸਪਤਾਲ ਸਮੇਤ ਹੋਰਨਾਂ ਹਸਪਤਾਲਾਂ ਦੀ ਓਪੀਡੀ ’ਚ ਮਰੀਜ਼ਾਂ ਦੀ ਗਿਣਤੀ ਆਮ ਨਾਲੋ 10 ਤੋਂ 15 ਫ਼ੀਸਦੀ ਵਧੀ ਹੈ ਤੇ ਲੋਕਾਂ ਨੂੰ ਵੱਡੇ ਪੱਧਰ ’ਤੇ ਸਾਹ ਲੈਣ ’ਚ ਮੁਸ਼ਕਿਲਾਂ ਆ ਰਹੀਆਂ ਹਨ। ਸ਼ਾਮ ਤੱਕ ਧੂਏਂ ਕਾਰਨ ਹਾਲਾਤ ਹੋਰ ਵੀ ਮਾੜੇ ਹੋ ਜਾਂਦੇ ਹਨ। ਇਹ ਮੌਸਮ ਛੋਟੇ ਬੱਚਿਆਂ ਤੇ ਬਜ਼ੁਰਗਾਂ ਲਈ ਜਿਆਦਾ ਘਾਤਕ ਹੈ, ਕਿਉਂਕਿ ਖਰਾਬ ਹਵਾ ਦੀ ਗੁਣਵੱਤਾ ਇਨ੍ਹਾਂ ਦੋਵਾਂ ਵਰਗਾਂ ਨੂੰ ਜਲਦੀ ਪ੍ਰਭਾਵਿਤ ਕਰਦੀ ਹੈ। ਹਵਾ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ ’ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ, ਜਿਨ੍ਹਾਂ ’ਚ ਚਮੜੀ ਦੇ ਰੋਗ , ਫੇਫੜੇ ਦੇ ਰੋਗ, ਦਮਾ,ਫੇਫੜੇ ਦਾ ਕੈਂਸਰ,ਨਿਮੋਨੀਆ, ਸ਼ੂਗਰ, ਖੂਨ ਦੇ ਥੱਕੇ, ਸਟ੍ਰੋਕ, ਦਿਮਾਗ ਦਾ ਵਿਕਾਸ ਘੱਟ, ਮਾਨਸਿਕ ਸਿਹਤ ’ਤੇ ਅਸਰ, ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ ਆਦਿ ਸਮੇਤ ਕਈ ਹੋਰ ਬੂਰੇ ਪ੍ਰਭਾਵ ਪੈਂਦੇ ਹਨ। ਸਿਹਤ ਵਿਭਾਗ ਅਨੁਸਾਰ ਬੱਚਿਆਂ ਤੇ ਬਜ਼ੁਰਗਾਂ ’ਚ ਖਾਸ ਤੌਰ ’ਤੇ ਜੋ ਪਹਿਲਾ ਹੀ ਅਸਥਮਾਂ ਜਾਂ ਸਾਹ ਦੇ ਰੋਗੀ ਹਨ, ਉਨ੍ਹਾਂ ’ਚ ਇਨ੍ਹਾਂ ਰੋਗਾਂ ਦੇ ਲੱਛਣਾਂ ਦੀ ਗੰਭੀਰਤਾ ਦੀ ਸਥਿਤੀ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਸਪਤਾਲ ’ਚ ਇਨ੍ਹਾਂ ਮਰੀਜ਼ਾਂ ਦੀ ਆਮਦ ਵਧੀ ਹੈ। ਆਮ ਤੌਰ ’ਤੇ ਹਵਾ ’ਚ ਪ੍ਰਦੂਸ਼ਣ ਕਾਰਣ ਅੱਖਾਂ ਵਿਚ ਜਲਨ, ਸਾਹ ਦੀ ਤਕਲੀਫ, ਥਕੇਵਾ ਅਤੇ ਚਿੜਚੜਾਪਨ ਦੇ ਲੱਛਣ ਸਾਹਮਣੇ ਆ ਰਹੇ ਹਨ। ਡੱਬੀ- ਸਾਵਧਾਨੀਆਂ ਵਰਤੀਆਂ ਜਾਣ : ਡਾ. ਵਿਸ਼ਾਲ ਚੋਪੜਾ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਨੇ ਧੂੰਏ ਦੇ ਬੁਰੇ ਪ੍ਰਭਾਵਾਂ ਤੋਂ ਬਚਾਅ ਲਈ ਦੱਸਿਆ ਕਿ ਹਵਾ ਦੀ ਗੁਣਵੱਤਤਾ ਦੇ ਮਾੜੇ ਸਤਰ ਨੂੰ ਦੇਖਦੇ ਹੋਏ ਖੁੱਲ੍ਹੇ ’ਚ ਸੈਰ ਕਰਨ, ਸਾਈਕਲਿੰਗ ਅਤੇ ਦੌੜ ਤੋਂ ਗੁਰੇਜ਼ ਕੀਤਾ ਜਾਵੇ। ਬਾਹਰ ਨਿਕਲਣ ਸਮੇਂ ਮੂੰਹ ’ਤੇ ਮਾਸਕ ਲਗਾਇਆ ਜਾਵੇ, ਕੱਚੀ ਥਾਂ ਅਤੇ ਧੂੜ ਨੂੰ ਉੱਡਣ ਤੋਂ ਬਚਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਵੇ। ਸਾਹ ਅਤੇ ਦਮੇ ਦੇ ਰੋਗੀ ਆਪਣੀਆਂ ਦਵਾਈਆਂ ਅਤੇ ਇਨਹੇਲਰ ਜ਼ਰੂਰ ਨਾਲ ਰੱਖਣ।