ਸੜਕ ਹਾਦਸੇ ਦੇ ਜ਼ਖ਼ਮੀਆਂ ਦਾ ਮੰਤਰੀਆਂ ਨੇ ਜਾਣਿਆ ਹਾਲ-ਚਾਲ ਸੜਕ ਹਾਦਸੇ ਦੇ ਜ਼ਖ਼ਮੀ ਮਨਰੇਗਾ ਵਰਕਰਾਂ ਦਾ ਬਰਿੰਦਰ ਗੋਇਲ ਤੇ ਡਾ. ਬਲਬੀਰ ਸਿੰਘ ਨੇ ਰਜਿੰਦਰਾ ਹਸਪਤਾਲ ਵਿਖੇ ਹਾਲ-ਚਾਲ ਜਾਣਿਆ
Publish Date: Mon, 19 Oct 2026 05:04 PM (IST)
Updated Date: Mon, 19 Oct 2026 05:06 PM (IST)
- ਪੰਜਾਬ ਸਰਕਾਰ ਹਰ ਪੱਖੋਂ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ : ਬਰਿੰਦਰ ਗੋਇਲ ਤੇ ਡਾ. ਬਲਬੀਰ ਸਿੰਘ -ਮੰਤਰੀਆਂ ਨੇ ਡਾਕਟਰਾਂ ਨੂੰ ਜ਼ਖ਼ਮੀਆਂ ਦਾ ਬਿਹਤਰ ਇਲਾਜ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਫੋਟੋ 19ਪੀਟੀਐੱਲ- 21 ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਦੇ ਕੈਬਨਿਟ ਮੰਤਰੀਆਂ ਬਰਿੰਦਰ ਗੋਇਲ ਤੇ ਡਾ. ਬਲਬੀਰ ਸਿੰਘ ਨੇ ਇੱਥੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਲਹਿਰਾ ਹਲਕੇ ਦੇ ਪਿੰਡ ਅਲੀਸ਼ੇਰ ਦੇ ਜ਼ਖ਼ਮੀ ਮਨਰੇਗਾ ਵਰਕਰਾਂ ਦਾ ਹਾਲ-ਚਾਲ ਜਾਣਿਆ। ਦੋਵਾਂ ਮੰਤਰੀਆਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿਚ ਪੀੜਤਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਤੇ ਇਲਾਜ ਕਰ ਰਹੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਮਰੀਜ਼ਾਂ ਨੂੰ ਬਿਹਤਰ ਤੋਂ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਉਣ ਦਿੱਤੀ ਜਾਵੇ। ਡਾ. ਬਲਬੀਰ ਸਿੰਘ ਤੇ ਬਰਿੰਦਰ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਸ ਭਿਆਨਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਹਰੇਕ ਵਿਅਕਤੀ ਦੇ ਪਰਿਵਾਰ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਜ਼ਖ਼ਮੀਆਂ ਦਾ ਇਲਾਜ ਵੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਦਾਖ਼ਲ ਮਨਰੇਗਾ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਖਾਣ-ਪੀਣ ਦੀ ਸਹੂਲਤ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਤੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਇਹ ਹਾਦਸਾ 18 ਅਕਤੂਬਰ ਨੂੰ ਸ਼ਾਮ ਕਰੀਬ ਸਾਢੇ ਚਾਰ ਵਜੇ ਜਾਖਲ-ਲਹਿਰਾਗਾਗਾ ਸੜਕ ’ਤੇ ਪਿੰਡ ਅਲੀਸ਼ੇਰ ਵਿਖੇ ਵਾਪਰਿਆ। ਉਸ ਸਮੇਂ ਮਨਰੇਗਾ ਵਰਕਰ ਸੜਕ ਕਿਨਾਰੇ ਬੂਟੇ ਲਗਾਉਣ ਤੇ ਸਫ਼ਾਈ ਦਾ ਕੰਮ ਕਰ ਰਹੇ ਸਨ। ਇਸ ਦੌਰਾਨ ਜਦੋਂ ਉਹ ਪਾਣੀ ਪੀਣ ਲਈ ਰੁਕੇ ਤਾਂ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਅੱਠ ਵਰਕਰਾਂ ਦੀ ਮੌਤ ਹੋ ਗਈ, ਜਦਕਿ 12 ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ’ਚੋਂ ਗੰਭੀਰ ਜ਼ਖ਼ਮੀ ਪੰਜ ਮਹਿਲਾ ਵਰਕਰਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ, ਜਦਕਿ ਬਾਕੀ ਜ਼ਖ਼ਮੀਆਂ ਦਾ ਸੰਗਰੂਰ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੰਤਰੀਆਂ ਨੇ ਦੱਸਿਆ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਕਾਰ ਚਾਲਕ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਮੈਡੀਕਲ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਆਰ.ਪੀ.ਐੱਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ ਵੀ ਹਾਜ਼ਰ ਸਨ।