- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਦੀ ਦੇ ਕਿਨਾਰੇ ਵਿਕਸਤ ਕੀਤੇ ਜਾਣਗੇ ਬਾਇਓਡਾਇਵਰਸਿਟੀ ਤੇ ਵਾਤਾਵਰਨ ਪਾਰਕ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਫ਼-ਸੁਥਰਾ, ਹਰਿਆ-ਭਰਿਆ ਤੇ ਵਾਤਾਵਰਣ ਪੱਖੀ ਪਟਿਆਲਾ ਦੀ ਸਿਰਜਣਾ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ਹਿਰਾਂ ਵਿਚ ਸਫ਼ਾਈ, ਹਰਿਆਵਲੀ ਤੇ ਵਾਤਾਵਰਨ ਸੁਰੱਖਿਆ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ ਅਤੇ ਇਸ ਮਿਸ਼ਨ ਵਿਚ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਡਾ. ਬਲਬੀਰ ਸਿੰਘ ਇੱਥੇ ਵਾਤਾਵਰਨ ਪਾਰਕ ਵਿਖੇ ਸਥਿਤ ਬਟਰਫਲਾਈ ਤੇ ਹਰਬਲ ਪਾਰਕ ਦੇ ਦੌਰੇ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਬੂਟਾ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਤੇ ਪਾਰਕ ਦੇ ਵਿਕਾਸ ਤੇ ਰੱਖ-ਰਖਾਅ ਲਈ ਕੰਮ ਕਰ ਰਹੀ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਟੀਮ ਦੇ ਸਮਰਪਿਤ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਸਿਹਤ ਮੰਤਰੀ ਨੇ ਕਿਹਾ ਕਿ ਜਿੱਥੇ ਸਰਕਾਰੀ ਅਧਿਕਾਰੀ ਆਪਣੀ ਡਿਊਟੀ ਦੇ ਤਹਿਤ ਕੰਮ ਕਰਦੇ ਹਨ, ਉੱਥੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਨਾਲ ਜੁੜੇ ਵਾਰੀਅਰਜ ਪੂਰੀ ਨਿਸ਼ਕਾਮ ਭਾਵਨਾ ਅਤੇ ਜਜ਼ਬੇ ਨਾਲ ਸ਼ਹਿਰ ਦੀ ਸੇਵਾ ਕਰ ਰਹੇ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਕਲੀਨ ਪੰਜਾਬ ਪ੍ਰੋਜੈਕਟ’ ਤਹਿਤ ਸਫ਼ਾਈ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਹਰਿਆਵਲੀ ਵਧਾਉਣ ਲਈ ਵਿਆਪਕ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੋਟੀ ਨਦੀ ਦੀ ਸਫ਼ਾਈ ਦਾ ਕੰਮ ਮੁਕੰਮਲ ਹੋ ਚੁੱਕਾ ਹੈ, ਜਦਕਿ ਵੱਡੀ ਨਦੀ ਦੀ ਸਫ਼ਾਈ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਦੌਲਤਪੁਰ ਤੋਂ ਡਕਾਲਾ ਰੋਡ ਤੱਕ ਵੱਡੀ ਨਦੀ ਦੇ ਨਾਲ ਲਗਭਗ ਪੰਜ ਕਿਲੋਮੀਟਰ ਲੰਬਾ ਬਾਇਓਡਾਇਵਰਸਿਟੀ ਪਾਰਕ ਵਿਕਸਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਛੋਟੀ ਨਦੀ ਦੇ ਦੋਵਾਂ ਕਿਨਾਰਿਆਂ ’ਤੇ ਦੋ ਵਾਤਾਵਰਨ ਪਾਰਕ ਬਣਾਏ ਜਾਣਗੇ, ਜਦਕਿ ਸਰਹਿੰਦ ਰੋਡ ਬਾਈਪਾਸ ’ਤੇ ਵੀ ਇਸੇ ਤਰ੍ਹਾਂ ਦਾ ਇੱਕ ਹੋਰ ਵਾਤਾਵਰਣ ਪਾਰਕ ਵਿਕਸਤ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਨਗਰ ਨਿਗਮ ਦੀ ਵਧੀਕ ਕਮਿਸ਼ਨਰ ਸਿਮਰਪ੍ਰੀਤ ਕੌਰ ਤੇ ਵਣ ਮੰਡਲ ਅਫ਼ਸਰ ਸਤਿੰਦਰ ਸਿੰਘ ਨੂੰ ਹਦਾਇਤ ਕੀਤੀ ਕਿ ਵਾਤਾਵਰਣ ਪਾਰਕ ਤੇ ਸ਼ਹਿਰ ਦੇ ਹੋਰ ਮਹੱਤਵਪੂਰਨ ਸਥਾਨਾਂ ’ਤੇ ਕਿਸੇ ਵੀ ਤਰ੍ਹਾਂ ਦੇ ਫਲੈਕਸ ਬੋਰਡ ਜਾਂ ਅਜਿਹੀ ਸਮੱਗਰੀ ਨਾ ਲੱਗਣ ਦਿੱਤੀ ਜਾਵੇ, ਜਿਸ ਨਾਲ ਪਾਰਕਾਂ ਦੀ ਸੁੰਦਰਤਾ ਪ੍ਰਭਾਵਿਤ ਹੁੰਦੀ ਹੋਵੇ। ਇਸ ਮੌਕੇ ‘ਮੇਰਾ ਪਟਿਆਲਾ ਮੈਂ ਹੀ ਸਵਾਰਾਂ’ ਦੇ ਮੈਂਬਰ ਐਚ.ਐੱਸ. ਲਾਂਬਾ ਨੇ ਸਿਹਤ ਮੰਤਰੀ ਦਾ ਸਵਾਗਤ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਘਰਾਂ ਅਤੇ ਜਨਤਕ ਥਾਵਾਂ ’ਤੇ ਕੂੜਾ ਵੱਖ ਕਰਨ ਅਤੇ ਵਿਗਿਆਨਕ ਢੰਗ ਨਾਲ ਕੂੜੇ ਦਾ ਨਿਪਟਾਰਾ ਕਰਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।