ਸਿਹਤ ਮੰਤਰੀ ਵੱਲੋਂ ਵਾਤਾਵਰਣ ਪਾਰਕ ਨੂੰ ਹੋਰ ਹਰਿਆ-ਭਰਾ ਬਣਾਉਣ ਲਈ ਵਿਸ਼ੇਸ਼ ਯੋਜਨਾ ’ਤੇ ਚਰਚਾ

ਸਟਾਫ ਰਿਪੋਰਟਰ, •ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਾਤਾਵਰਣ ਪਾਰਕ ਵਿਖੇ ‘ਫਰੈਂਡਜ਼ ਆਫ ਐਨਵਾਇਰਮੈਂਟ ਪਾਰਕ’ ਕਮੇਟੀ ਦੀ ਅਹਿਮ ਮੀਟਿੰਗ ’ਚ ਸ਼ਿਰਕਤ ਕੀਤੀ। ਇਸ ਮੌਕੇ ਪਾਰਕ ਦੇ ਵਿਕਾਸ, ਵਾਤਾਵਰਣ ਦੀ ਸਾਂਭ-ਸੰਭਾਲ, ਹਰਿਆਲੀ ਵਧਾਉਣ ਲੋਕ ਭਲਾਈ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਫ਼-ਸੁਥਰਾ ਅਤੇ ਹਰਿਆ-ਭਰਾ ਵਾਤਾਵਰਣ ਮਨੁੱਖੀ ਸਿਹਤ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਤੇ ਬਦਲਦੇ ਮੌਸਮੀ ਹਾਲਾਤਾਂ ਦੇ ਮੱਦੇਨਜ਼ਰ ਰੁੱਖ ਲਗਾਉਣਾ ਅਤੇ ਵਾਤਾਵਰਣ ਦੀ ਰੱਖਿਆ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਤਾਵਰਣ ਸੰਭਾਲ ਲਈ ਕਈ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਪਰ ਇਨ੍ਹਾਂ ਯਤਨਾਂ ਨੂੰ ਸਫਲ ਬਣਾਉਣ ਲਈ ਆਮ ਲੋਕਾਂ ਦੀ ਭਾਗੀਦਾਰੀ ਵੀ ਉਤਨੀ ਹੀ ਮਹੱਤਵਪੂਰਨ ਹੈ। ਡਾ. ਬਲਬੀਰ ਸਿੰਘ ਨੇ ਮੀਟਿੰਗ ਦੌਰਾਨ ਹਾਜ਼ਰ ਸਥਾਨਕ ਨਿਵਾਸੀਆਂ ਅਤੇ ਕਮੇਟੀ ਮੈਂਬਰਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਪਾਰਕ ਦੇ ਰੱਖ-ਰਖਾਅ, ਸਫ਼ਾਈ, ਬੁਨਿਆਦੀ ਢਾਂਚੇ ਦੇ ਸੁਧਾਰ ਅਤੇ ਹੋਰ ਵਿਕਾਸ ਕਾਰਜਾਂ ਸਬੰਧੀ ਮਿਲੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਸਮੱਸਿਆਵਾਂ ਦੇ ਜਲਦ ਹੱਲ ਲਈ ਦਿਸ਼ਾ-ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਪਾਰਕ ’ਚ ਵੱਡੇ ਪੱਧਰ ’ਤੇ ਬੂਟੇ ਲਗਾਉਣ ਅਤੇ ਹਰਿਆਲੀ ਨੂੰ ਹੋਰ ਵਧਾਉਣ ਸਬੰਧੀ ਵੀ ਵਿਸ਼ੇਸ਼ ਚਰਚਾ ਕੀਤੀ ਗਈ। ਇਸ ਮੌਕੇ ‘ਫਰੈਂਡਜ਼ ਆਫ ਐਨਵਾਇਰਮੈਂਟ ਪਾਰਕ’ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ ਨੇ ਕਮੇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਮੇਟੀ ਕਈ ਸਾਲਾਂ ਤੋਂ ਵਾਤਾਵਰਣ ਸੁਰੱਖਿਆ ਅਤੇ ਪਾਰਕ ਦੇ ਵਿਕਾਸ ਲਈ ਨਿਰੰਤਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਸਮੇਂ-ਸਮੇਂ ’ਤੇ ਰੁੱਖ ਲਗਾਉਣ, ਸਫ਼ਾਈ ਮੁਹਿੰਮਾਂ ਚਲਾਉਣ ਅਤੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮ ਕੀਤੇ ਜਾਂਦੇ ਹਨ। ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ ਟਿਵਾਣਾ, ਐਡਵੋਕੇਟ ਗੁਰਬਾਜ ਸਿੰਘ ਸੈਕਰੇਟਰੀ, ਐਡਵੋਕੇਟ ਬਲਬੀਰ ਸਿੰਘ ਸਰਪ੍ਰਸਤ, ਗੁਰਦੀਪ ਸਿੰਘ ਸਾਬਕਾ ਏਆਈ ਸਰਪਰਸਤ, ਸਾਬਕਾ ਪ੍ਰਧਾਨ , ਸੁਖਦੇਵ ਸਿੰਘ ਵਿਰਕ ਸਾਬਕਾ ਐਸਪੀ ਸਾਬਕਾ ਪ੍ਰਧਾਨ , ਜਸਪਾਲ ਸਿੰਘ ਢਿੱਲੋ ਸਾਬਕਾ ਪ੍ਰਧਾਨ , ਅਮਰਜੀਤ ਸਿੰਘ ਘੱਗਾ ਸਾਬਕਾ ਕਮਿਸ਼ਨਰ ਐਕਸਾਈਜ, ਅਮਰਜੀਤ ਸਿੰਘ ਸੋਨੂ ਚੌਹਾਨ ਵਾਈਲਡ ਲਾਈਫ ਐਡਵਾਈਜਰ, ਗੱਜਣ ਸਿੰਘ ਮੀਡੀਆ ਸਕੱਤਰ, ਜਸਬੀਰ ਸਿੰਘ ਗਾਂਧੀ ਆਫਿਸ ਇੰਚਾਰਜ ਹੈਲਥ ਮਨਿਸਟਰ, ਕਰਨਲ ਜੇਬੀ ਸਿੰਘ ਸਾਬਕਾ ਓਐਸਡੀ ਹੈਲਥ ਮਨਿਸਟਰ, ਡਾ. ਅਨਿਲ ਗਰਗ, ਕਰਤਾਰ ਸਿੰਘ ਸੰਧੂ, ਰਘਵੀਰ ਸਿੰਘ ਢਿੱਲੋ , ਇੰਦਰਜੀਤ ਸਿੰਘ ਨਾਗਪਾਲ ਡਿਪਟੀ ਕਮਿਸ਼ਨਰ ਐਕਸਾਈਜ, ਅਵਤਾਰ ਸਿੰਘ ਲੰਗ ਆਦਿ ਮੌਜੂਦ ਸਨ।