
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਹਤ ਵਿਭਾਗ ਵੱਲੋਂ ਹਲਵਾਈ ਦੀ ਦੁਕਾਨ ਉੱਤੇ ਛਾਪਾਮਾਰੀ ਕਰਕੇ 65 ਕਿਲੋ ਰੰਗਦਾਰ ਚਮਚਮ ਜ਼ਬਤ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਿਹਤ ਵਿਭਾਗ ਪਟਿਆਲਾ ਦੇ ਜ਼ਿਲ੍ਹਾ ਸਿਹਤ ਅਫਸਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਦੀ ਟੀਮ ਵੱਲੋਂ ਰਾਜਪੁਰਾ ਦੀ ਲੱਕੜ ਮੰਡੀ ਦੀ ਮਾਰਕੀਟ ਵਿਚ ਇਕ ਮਠਿਆਈਆਂ ਦੀ ਦੁਕਾਨ ’ਤੇ ਛਾਪਾਮਾਰੀ ਕਰਕੇ ਖੋਇਆ ਦੀ ਬਰਫੀ, ਚਮਚਮ ਤੇ ਰਸਗੁੱਲੇ ਸਣੇ ਕੁੱਲ ਤਿੰਨ ਸੈਂਪਲ ਸੀਲ ਕਰਕੇ ਲੈਬੋਰਟਰੀ ਵਿਖੇ ਜਾਂਚ ਦੇ ਲਈ ਭੇਜ ਦਿੱਤੇ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਿਵਲ ਸਰਜਨ ਦਫਤਰ ਪਟਿਆਲਾ ਤੋਂ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਗੁਰਪ੍ਰੀਤ ਕੌਰ ਦੀ ਅਗਵਾਈ ’ਚ ਫੂਡ ਸੇਫਟੀ ਅਫ਼ਸਰ ਗੌਰਵ ਕੁਮਾਰ ਅਤੇ ਤਰੁਣ ਬਾਂਸਲ ਵੱਲੋਂ ਰਾਜਪੁਰਾ ਦੀ ਲੱਕੜ ਮੰਡੀ ਵਿਖੇ ਵੱਖ-ਵੱਖ ਮਠਿਆਈਆਂ ਦੀ ਜਾਂਚ ਕੀਤੀ ਗਈ। ਸਿਹਤ ਵਿਭਾਗ ਦੀ ਜਾਂਚ ਦੌਰਾਨ ਫੂਡ ਸੇਫਟੀ ਟੀਮ ਵੱਲੋਂ ਖੋਇਆ ਬਰਫ਼ੀ, ਚਮਚਮ ਅਤੇ ਰਸਗੁੱਲਾ ਦੇ ਕੁੱਲ ਤਿੰਨ ਫੂਡ ਸੈਂਪਲ ਲੈ ਕੇ ਜਾਂਚ ਲਈ ਪ੍ਰਯੋਗਸ਼ਾਲਾ ਭੇਜੇ ਗਏ। ਡੀਐਚਓ ਡਾਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਚਮਚਮ ਵਿਚ ਰੰਗ ਦੀ ਵਰਤੋਂ ਨਜ਼ਰ ਆਉਣ ਕਾਰਨ ਇਸ ਵਿੱਚ ਅਣਅਧਿਕਾਰਤ/ਗੈਰ-ਮਨਜ਼ੂਰਸ਼ੁਦਾ ਰੰਗਦਾਰ ਪਦਾਰਥ ਦੀ ਵਰਤੋਂ ਸਬੰਧੀ ਸ਼ੱਕ ਪੈਦਾ ਹੋਇਆ। ਇਸ ਸ਼ੱਕ ਦੇ ਮੱਦੇਨਜ਼ਰ ਮੌਕੇ ’ਤੇ ਉਪਲੱਬਧ 65 ਕਿਲੋ ਚਮਚਮ ਦਾ ਸਟਾਕ ਜ਼ਬਤ ਕਰ ਲਿਆ ਗਿਆ ਅਤੇ ਨਿਯਮਾਂ ਅਨੁਸਾਰ ਪ੍ਰਯੋਗਸ਼ਾਲਾ ਜਾਂਚ ਦੀ ਰਿਪੋਰਟ ਆਉਣ ਤੱਕ ਇਸ ਨੂੰ ਫੂਡ ਸੇਫਟੀ ਅਫ਼ਸਰ ਦੀ ਸੁਰੱਖਿਅਤ ਹਿਰਾਸਤ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੀਲ ਕੀਤੇ ਗਏ ਸੈਂਪਲਾਂ ਦੀ ਪ੍ਰਯੋਗਸ਼ਾਲਾ ਤੋਂ ਪ੍ਰਾਪਤ ਹੋਣ ਵਾਲੀ ਜਾਂਚ ਰਿਪੋਰਟ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ ਅਧੀਨ ਬਣੇ ਨਿਯਮਾਂ ਅਤੇ ਰੈਗੂਲੇਸ਼ਨਾਂ ਦੇ ਉਪਬੰਧਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿਭਾਗ ਨੇ ਮੁੜ ਸਪੱਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਜਾਂ ਗੈਰ-ਮਨਜ਼ੂਰਸ਼ੁਦਾ ਰੰਗਾਂ ਦੀ ਵਰਤੋਂ ਸਮੇਤ ਫੂਡ ਸੇਫਟੀ ਮਾਪਦੰਡਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਫੂਡ ਬਿਜ਼ਨਸ ਆਪਰੇਟਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਗੁਰਪ੍ਰੀਤ ਕੌਰ, ਡੀ.ਐਚ.ਓ. ਪਟਿਆਲਾ ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਲਾਗੂ ਸਾਰੇ ਫੂਡ ਸੇਫਟੀ ਮਾਪਦੰਡਾਂ ਅਤੇ ਨਿਯਮਾਂ ਦੀ ਪੂਰੀ ਪਾਲਣਾ ਯਕੀਨੀ ਬਣਾਉਣ ਅਤੇ ਖਪਤਕਾਰਾਂ ਨੂੰ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਭੋਜਨ ਮੁਹੱਈਆ ਕਰਵਾਉਣ।