ਹਰਸਿਮਰਤ ਕੌਰ ਬਾਦਲ ਅੱਜ ਕਰਨਗੇ ਆਪਣੀ ਅਵਾਜ਼ ਬੁਲੰਦ : ਖੰਨਾ ਹਰਸਿਮਰਤ ਕੌਰ ਬਾਦਲ ਅੱਜ ਸੰਗਰੂਰ ’ਚ ਕਰਨਗੇ ਆਪਣੀ ਅਵਾਜ਼ ਬੁਲੰਦ:ਅਰਵਿੰਦ ਖੰਨਾ
Publish Date: Sun, 27 Sep 2026 04:15 PM (IST)
Updated Date: Mon, 28 Sep 2026 04:00 AM (IST)
ਮਾਵਾਂ ਧੀਆਂ ਇਨਸਾਫ਼ ਯਾਤਰਾ ਦੇ ਨਾਅਰੇ ਹੇਠ ਵਿਸ਼ਾਲ ਰੋਸ ਪ੍ਰਦਰਸ਼ਨ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਪੰਜਾਬ ਦੀਆਂ ਮਾਂਵਾਂ-ਧੀਆਂ ਨੂੰ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ 28 ਸਤੰਬਰ ਨੂੰ ਡੀਸੀ ਦਫਤਰ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਇਸ ਦੀ ਜਾਣਕਾਰੀ ਦਿੰਦਿਆਂ ਅਰਵਿੰਦ ਖੰਨਾ ਹਲਕਾ ਇੰਚਾਰਜ ਨੇ ਕਿਹਾ ਕਿ ਅੱਜ ਬੇਸ਼ੱਕ ਭਗਵੰਤ ਮਾਨ ਸ਼ੋਸ਼ਲ ਮੀਡੀਆ ਰਾਹੀਂ, ਵੱਡੇ-ਵੱਡੇ ਹੋਰਡਿੰਗਾਂ ਰਾਹੀਂ ਅਤੇ ਲੋਕ ਮਿਲਣੀਆਂ ਵਿੱਚ ਦਾਅਵੇ ਕਰ ਰਿਹਾ ਹੈ ਕਿ ਉਹ ਪੰਜਾਬ ਦੀਆਂ ਮਾਂਵਾਂ ਧੀਆਂ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ। ਉਹ ਇਨ੍ਹਾਂ ਮਾਂਵਾਂ-ਧੀਆਂ ਵਿੱਚ ਇਕੱਲੇ ਜਾਣ ਤੋਂ ਡਰਦਾ ਹੈ ਕਿ ਕਿੱਧਰੇ ਉਸ ਨੂੰ ਕੋਈ ਚਿੱਟੇ ਸਬੰਧੀ ਸਵਾਲ ਹੀ ਨਾ ਪੁੱਛ ਲਵੇ? ਕੋਈ ਉਸ ਨੂੰ ਇਹ ਨਾ ਪੁੱਛ ਲਵੇ ਕਿ ਤੂੰ ਕਹਿੰਦਾ ਸੀ ਕਿ ਕਿਸੇ ਦਾ ਪੁੱਤ ਵਿਦੇਸ਼ ਨਹੀਂ ਜਾਵੇਗਾ ਜਾਂ ਕਿਸੇ ਦਾ ਪੁੱਤ ਬੇਰੁਜ਼ਗਾਰ ਨਹੀਂ ਰਹੇਗਾ? ਅੱਜ ਪੰਜਾਬ ਦੇ ਜੋ ਹਾਲਾਤ ਹਨ, ਉਹ ਕਿਸੇ ਤੋਂ ਛੁਪੇ ਨਹੀਂ ਹਨ। ਖੰਨਾ ਨੇ ਕਿਹਾ ਕਿ ਭਗਵੰਤ ਮਾਨ ਮਾਂਵਾਂ- ਧੀਆਂ ਦਾ ਕਿੰਨਾ ਸਤਿਕਾਰ ਕਰਦਾ ਹੈ ਇਹ ਅਸੀਂ ਆਪਣਾ ਹੱਕ ਮੰਗਦੀਆਂ ਆਂਗਣਵਾੜੀ ਵਰਕਰਾਂ, ਕੰਪਿਊਟਰ ਅਧਿਆਪਕਾਂ ਅਤੇ ਨਰਸਾਂ ਦੇ ਧਰਨਿਆਂ ਵਿੱਚ ਦੇਖ ਹੀ ਲਿਆ ਕਿ ਕਿਸ ਤਰ੍ਹਾਂ ਪੰਜਾਬ ਸਰਕਾਰ ਦੀ ਸਹਿ ਤੇ ਇਨ੍ਹਾਂ ਸੰਘਰਸ਼ ਕਰ ਰਹੀਆਂ ਮਾਂਵਾਂ ਧੀਆਂ ਤੇ ਡੰਡੇ ਬਰਸਾਏ ਗਏ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਹਰ ਉਹ ਮਾਂ ਭਗਵੰਤ ਮਾਨ ਤੋਂ ਇਨਸਾਫ਼ ਦੀ ਮੰਗ ਕਰ ਰਹੀ ਹੈ ਜਿਸ ਦਾ ਨੌਜਵਾਨ ਪੁੱਤਰ ਚਿੱਟੇ ਦੀ ਭੇਟ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਖੜ੍ਹਦੀ ਰਹੀ ਹੈ ਅਤੇ ਖੜ੍ਹਦੀ ਰਹੇਗੀ।ਉਨ੍ਹਾਂ ਸੰਗਰੂਰ ਹਲਕੇ ਦੀਆਂ ਸਮੂਹ ਬੀਬੀਆਂ ਨੂੰ ਇਸ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਸ਼ਾਮਿਲ ਹੋਣ ਲਈ ਅਪੀਲ ਕੀਤੀ।