ਸੀਐੱਮ ਦੇ ਦੌਰੇ ਤੋਂ ਪਹਿਲਾਂ ਹਰਪਾਲ ਖਡਿਆਲ ਘਰ ’ਚ ਨਜ਼ਰਬੰਦ ਸੀਐੱਮ ਦੇ ਦੌਰੇ ਤੋਂ ਪਹਿਲਾਂ ਹਰਪਾਲ ਖਡਿਆਲ ਘਰ ’ਚ ਨਜ਼ਰਬੰਦ
Publish Date: Sat, 31 Oct 2026 03:50 PM (IST)
Updated Date: Sun, 01 Nov 2026 04:02 AM (IST)
ਮੁੱਖ ਮੰਤਰੀ ਦੇ ਸੱਥ ਪ੍ਰੋਗਰਾਮ ’ਚ ਪੁੱਛਣੇ ਸਨ ਸਵਾਲ ਕਿਸਾਨ ਆਗੂ ਰਣ ਸਿੰਘ ਚੱਠਾ ਦੇ ਘਰ ਵੀ ਕੀਤੀ ਛਾਪੇਮਾਰੀ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮੁੱਖ ਮੰਤਰੀ ਭਗਵੰਤ ਮਾਨ ਦੇ ਸਨਿੱਚਰਵਾਰ ਨੂੰ ਪਿੰਡ ਮੌੜਾਂ ਵਿਖੇ ਹੋਣ ਵਾਲੇ ਸੱਥ ਪ੍ਰੋਗਰਾਮ ਵਿੱਚ ਸਵਾਲ ਪੁੱਛਣ ਦੇ ਕੀਤੇ ਐਲਾਨ ਤੋਂ ਬਾਅਦ ਪੁਲਿਸ ਨੇ ਤੜਕਸਾਰ ਯੂਥ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਹਰਪਾਲ ਸਿੰਘ ਖਡਿਆਲ ਨੂੰ ਉਸਦੇ ਘਰ ਵਿੱਚ ਨਜਰਬੰਦ ਕਰ ਦਿੱਤਾ। ਇਸ ਮੌਕੇ ਇੰਟਰਨੈੱਟ ਮੀਡੀਆ ਤੇ ਵੀਡੀਓ ਸਾਂਝੀ ਕਰਦਿਆਂ ਹਰਪਾਲ ਸਿੰਘ ਖਡਿਆਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖਡਿਆਲ ਨੇੜ੍ਹਲੇ ਪਿੰਡ ਮੌੜਾਂ ਵਿੱਚ ਆਉਣਾ ਸੀ। ਪਹਿਲਾਂ ਵਾਂਗ ਹੀ ਸਰਕਾਰ ਦੇ ਸੱਥਾਂ ਵਾਲੇ ਪ੍ਰੋਗਰਾਮ ਤਹਿਤ ਉਨ੍ਹਾਂ ਅਤੇ ਨੌਜਵਾਨਾਂ ਨੇ ਇਕੱਠੇ ਹੋ ਕੇ ਪੰਜਾਬ ਦੀ ਨੌਜਵਾਨੀ ਅਤੇ ਇੱਥੋਂ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਤੋ ਸਵਾਲ ਪੁੱਛਣੇ ਸਨ ਪ੍ਰੰਤੂ ਪੁਲਿਸ ਵੱਲੋਂ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਪਹਿਲਾਂ ਹੀ ਸਵੇਰੇ 5 ਵਜੇ ਹੀ ਉਨ੍ਹਾਂ ਦੇ ਘਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਕੀਤਾ ਗਿਆ ਤਾਂ ਜੋ ਉਹ ਪਿੰਡ ਮੌੜਾਂ ਜਾ ਕੇ ਮੁੱਖ ਮੰਤਰੀ ਤੋਂ ਪੰਜਾਬ ਦੇ ਹਿੱਤਾਂ ਬਾਰੇ ਕੋਈ ਸਵਾਲ ਨਾ ਪੁੱਛ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਕਾਲੀ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਤੋਂ ਬੁਰੀ ਤਰ੍ਹਾਂ ਡਰ ਚੁੱਕੇ ਹਨ, ਇਸੇ ਕਰਕੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਹ ਜਿੱਥੇ ਵੀ ਜਾਣਗੇ, ਅਕਾਲੀ ਵਰਕਰ ਉਨ੍ਹਾਂ ਦਾ ਅੱਗੇ ਹੋ ਕੇ ਟਾਕਰਾ ਕਰਨਗੇ ਅਤੇ ਪੰਜਾਬੀਆਂ ਵੱਲੋਂ ਹਰ ਰੋਜ਼ ਸਵਾਲ ਪੁੱਛੇ ਜਾਂਦੇ ਰਹਿਣਗੇ। ਦੂਜੇ ਪਾਸੇ, ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੇ ਘਰ ਵੀ ਛਾਪੇਮਾਰੀ ਕੀਤੀ, ਪ੍ਰੰਤੂ ਉਹ ਪੁਲਿਸ ਦੇ ਹੱਥੇ ਨਹੀਂ ਲੱਗੇ। ਉਨ੍ਹਾਂ ਆਖਿਆ ਕਿ ਉਹ ਮੁੱਖ ਮੰਤਰੀ ਨੂੰ ਮੌੜਾਂ ਵਿਖੇ ਸਵਾਲ ਪੁੱਛਣ ਹਰ ਹੀਲੇ ਜਾਣਗੇ।