ਪਠਾਣਮਾਜਰਾ ਨੇ ਹਲਕੇ ’ਚ ਕੱਢੀ ਸ਼ੁਕਰਾਨਾ ਯਾਤਰਾ ਹਰਮੀਤ ਸਿੰਘ ਪਠਾਣਮਾਜਰਾ ਨੇ ਭਾਜਪਾ ‘ਚ ਸ਼ਾਮਲ ਹੋਣ ‘ਤੋਂ ਬਾਅਦ ਹਲਕੇ ‘ਚ ਕੱਢੀ ਸ਼ੁਕਰਾਨਾ ਯਾਤਰਾ
Publish Date: Fri, 06 Nov 2026 05:18 PM (IST)
Updated Date: Fri, 06 Nov 2026 05:20 PM (IST)
ਫੋਟੋ 6ਪੀਟੀਐਲ: 14: ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਹਲਕਾ ਸਨੌਰ ਵਿੱਚ ਪੁੱਜਣ ਤੋਂ ਬਾਅਦ ਹਲਕੇ ’ਚ ਸ਼ੁਕਰਾਨਾ ਯਾਤਰਾ ਕੱਢੀ, ਜੋ ਕਿ ਬਹੁਤ ਲੰਬੀ ਸੀ। ਇਹ ਰੋਡ ਸ਼ੋਅ ਅੱਜ ਸਵੇਰੇ ਸੰਨੀ ਇਨਕਲੇਵ ਦੇਵੀਗਡ਼੍ਹ ਤੋਂ ਸ਼ੁਰੂ ਹੋ ਕੇ ਕਸਬਾ ਭੁੱਨਰਹੇਡ਼ੀ, ਫਿਰ ਕਸਬਾ ਦੇਵੀਗਡ਼੍ਹ, ਦੁੱਧਨਸਾਧਾਂ, ਰੌਹਡ਼ ਜਾਗੀਰ ਹੁੰਦਾ ਹੋਇਆ ਇਤਿਹਾਸਕ ਗੁਰਦੁਆਰਾ ਬਾਉਲੀ ਸਾਹਿਬ ਘਡ਼ਾਮ ਵਿਖੇ ਪੁੱਜਾ ਅਤੇ ਬਾਅਦ ’ਚ ਪਿੰਡ ਪਠਾਣਮਾਜਰਾ ਵਿਖੇ ਪਹੁੰਚ ਕੇ ਪਠਾਣਮਾਜਰਾ ਦੇ ਘਰ ਸੰਪੰਨ ਹੋਇਆ। ਇਸ ਦੌਰਾਨ ਹਰਮੀਤ ਸਿੰਘ ਪਠਾਣਮਾਜਰਾ ਨੇ ਭੁੱਨਰਹੇਡ਼ੀ ਦੇ ਗੁਰਦੁਆਰਾ ਸਾਹਿਬ, ਦੇਵੀਗਡ਼੍ਹ ਵਿਖੇ ਡੇਰਾ ਬਾਬਾ ਸ਼ੰਕਰ ਗਿਰ ਔਲੀਆ, ਹਨੁਮਾਨ ਮੰਦਿਰ ਦੇਵੀਗਡ਼੍ਹ, ਅਤੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮੱਥਾ ਟੇਕਿਆ। ਇਨ੍ਹਾਂ ਧਾਰਮਿਕ ਸਥਾਨਾ ਵਿਖੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਿਰੋਪੇ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅੱਜ ਦੇ ਰੋਡ ਸ਼ੋਅ ’ਚ ਵੱਧ ਚਡ਼੍ਹ ਕੇ ਹਿੱਸਾ ਲਿਆ। ਇਸ ਮੌਕੇ ਦੇਵੀਗਡ਼੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਹਲਕੇ ਦੇ ਵਿਕਾਸ ਲਈ ਹੀ ਸਰਕਾਰ ਨਾਲ ਟੱਕਰ ਲਈ ਸੀ ਪਰ ਮੌਜੂਦਾ ਪੰਜਾਬ ਸਰਕਾਰ ਨਾਲ ਮਨ ਮੁਟਾਵ ਚਲਦਿਆਂ ਉਹਨਾਂ ਨੇ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਉਪਰੰਤ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀ ਸਲਾਹ ਲੈ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਡ਼ਨ ਲਈ ਤਿਆਰੀ ਵਿੱਢ ਦਿੱਤੀ ਗਈ ਹੈ।