ਘਰ-ਘਰ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਰਦਿਕ ਨੈਨ ਘਰ-ਘਰ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਰਦਿਕ ਨੈਨ
Publish Date: Wed, 18 Nov 2026 05:09 PM (IST)
Updated Date: Wed, 18 Nov 2026 05:12 PM (IST)
ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ ਇਲਾਕੇ ਦੀ ਨੁਹਾਰ ਬਦਲਣ ਅਤੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਾਰਦਿਕ ਨੈਨ ਵੱਲੋਂ ਸ਼ੁਰੂ ਕੀਤੀ ਗਈ ਡੋਰ-ਟੂ-ਡੋਰ ਜਨ-ਸੰਪਰਕ ਮੁਹਿੰਮ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਤਹਿਤ ਹਾਰਦਿਕ ਨੈਨ ਨੇ ਕੱਚੀ ਖਨੌਰੀ, ਮੂਨਕ ਦੀਆਂ ਵੱਖ-ਵੱਖ ਕਲੋਨੀਆਂ, ਗੋਬਿੰਦਪੁਰਾ, ਜਵਾਹਰ ਵਾਲਾ, ਡੂਡੀਆਂ ਦੇ ਕੁਝ ਹਿੱਸਿਆਂ, ਗੁਰੂ ਨਾਨਕ ਨਗਰ ਚੂਲੜ, ਮਹਾਂ ਸਿੰਘ ਵਾਲਾ ਅਤੇ ਲਹਿਲ ਕਲਾਂ ਦਾ ਪੈਦਲ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ। ਇਸ ਦੌਰਾਨ ਉਨ੍ਹਾਂ ਨੇ ਸਿਰਫ਼ ਭਰੋਸੇ ਦੇਣ ਤੱਕ ਸੀਮਤ ਰਹਿਣ ਦੀ ਬਜਾਏ ਕਈ ਸਮੱਸਿਆਵਾਂ ਦਾ ਮੌਕੇ ਤੇ ਹੀ ਹੱਲ ਕਰਵਾਇਆ, ਜਦਕਿ ਬਾਕੀ ਰਹਿੰਦੇ ਕੰਮਾਂ ਨੂੰ ਜਲਦ ਨੇਪਰੇ ਚਾੜ੍ਹਨ ਲਈ ਆਪਣੀ ਟੀਮ ਦੀ ਡਿਊਟੀ ਲਾਈ। ਦੂਜੇ ਪਾਸੇ, ਉਨ੍ਹਾਂ ਦੀ ਧਰਮ ਪਤਨੀ ਨੀਤੂ ਨੈਨ ਨੇ ਵੀ ਪਿੰਡ ਅਨਦਾਣਾ ਦੀਆਂ ਗਲੀਆਂ ਵਿੱਚ ਘਰ-ਘਰ ਜਾ ਕੇ ਸੰਸਥਾ ਦੇ ਲੋਕ-ਪੱਖੀ ਸੁਨੇਹੇ ਨੂੰ ਪਹੁੰਚਾਇਆ ਅਤੇ ਔਰਤਾਂ ਨਾਲ ਸਿੱਧਾ ਸੰਵਾਦ ਕੀਤਾ। ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦਿਆਂ ਸੰਸਥਾ ਵੱਲੋਂ ਪਿਛਲੇ ਸਾਲ ਹੜ੍ਹਾਂ ਕਾਰਨ ਨੁਕਸਾਨੀ ਗਈ ਰਵਿਦਾਸ ਮੰਦਰ ਦੀ ਕੰਧ ਦੀ ਮੁੜ ਉਸਾਰੀ ਲਈ 20 ਬੋਰੀਆਂ ਸੀਮਿੰਟ ਭੇਟ ਕੀਤਾ ਗਿਆ। ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਲਈ ਹਾਰਦਿਕ ਨੈਨ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਘਰ-ਘਰ ਜਾ ਕੇ ਸੰਸਥਾ ਦੀ ਵੈੱਬਸਾਈਟ ਤੇ ਬੱਚਿਆਂ ਦੇ ਫਾਰਮ ਵੀ ਭਰਵਾਏ ਗਏ, ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਸਿੱਖਣ ਅਤੇ ਅੱਗੇ ਵਧਣ ਦੇ ਬਿਹਤਰ ਮੌਕੇ ਮਿਲ ਸਕਣ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਦੇ ਬੱਚੇ ਕਿਸੇ ਨਾਲੋਂ ਵੀ ਘੱਟ ਨਹੀਂ ਹਨ, ਪਰ ਬਦਕਿਸਮਤੀ ਨਾਲ ਉਨ੍ਹਾਂ ਨੂੰ ਅੱਗੇ ਵਧਣ ਲਈ ਲੋੜੀਂਦੇ ਮੌਕੇ ਅਤੇ ਢੁਕਵਾਂ ਪਲੇਟਫਾਰਮ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਜ਼ਮੀਨੀ ਪੱਧਰ ਤੇ ਕੰਮ ਕਰਨਾ ਹੈ। ਉਨ੍ਹਾਂ ਅਨੁਸਾਰ ਹਲਕੇ ਦੀ ਤਰੱਕੀ ਲਈ ਇੱਕ ਮਿਆਰੀ ਸਕੂਲ, ਉੱਚ ਪੱਧਰੀ ਯੂਨੀਵਰਸਿਟੀ ਅਤੇ ਵੱਡੇ ਹਸਪਤਾਲ ਦੀ ਲੋੜ ਹੈ, ਤਾਂ ਜੋ ਲੋਕਾਂ ਨੂੰ ਸਿੱਖਿਆ ਅਤੇ ਇਲਾਜ ਲਈ ਦੂਰ-ਦੁਰਾਡੇ ਭਟਕਣਾ ਨਾ ਪਵੇ। ਇਸ ਦੌਰੇ ਦੌਰਾਨ ਵੱਖ-ਵੱਖ ਪਿੰਡਾਂ ਅਤੇ ਕਲੋਨੀਆਂ ਦੇ ਵਸਨੀਕਾਂ ਨੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਅਨੁਭਵ ਅਨੁਸਾਰ ਚੋਣਾਂ ਤੋਂ ਬਾਅਦ ਜਾਂ ਆਮ ਦਿਨਾਂ ਵਿੱਚ ਬਹੁਤ ਘੱਟ ਸਿਆਸੀ ਆਗੂ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਘਰਾਂ ਤੱਕ ਪਹੁੰਚਦੇ ਹਨ। ਲੋਕਾਂ ਨੇ ਹਾਰਦਿਕ ਨੈਨ ਵੱਲੋਂ ਘਰ-ਘਰ ਜਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਸਮੱਸਿਆਵਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।