ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਾਰਦਿਕ ਨੈਨ ਅਲੀਸ਼ੇਰ ਸੜਕ ਹਾਦਸੇ ਦੇ ਪੀੜਤ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਾਰਦਿਕ ਨੈਨ
Publish Date: Sat, 31 Oct 2026 03:52 PM (IST)
Updated Date: Sun, 01 Nov 2026 04:02 AM (IST)
ਕਲੀ ਰਾਮ ਫਾਊਂਡੇਸ਼ਨ ਵੱਲੋਂ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਸਹਾਇਤਾ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਉਠਾਈ ਮੰਗ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪਿੰਡ ਅਲੀਸ਼ੇਰ ਵਿਖੇ ਜਾਖਲ ਰੋਡ ’ਤੇ ਮਨਰੇਗਾ ਤਹਿਤ ਕੰਮ ਕਰ ਰਹੇ ਮਜ਼ਦੂਰਾਂ ਨਾਲ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਅਤੇ ਜ਼ਖ਼ਮੀ ਹੋਏ ਮਜ਼ਦੂਰਾਂ ਦੇ ਪਰਿਵਾਰਾਂ ਦੀ ਮਦਦ ਲਈ ਹਾਰਦਿਕ ਨੈਨ ਗੁਲਾਡ਼ੀ ਅੱਗੇ ਆਏ ਹਨ। ਮਾਸਟਰ ਕਲੀ ਰਾਮ ਫਾਊਂਡੇਸ਼ਨ ਵੱਲੋਂ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹਾਰਦਿਕ ਨੈਨ ਨੇ ਕਿਹਾ ਕਿ ਇਸ ਦਰਦਨਾਕ ਹਾਦਸੇ ਨੇ ਅੱਠ ਪਰਿਵਾਰਾਂ ਦੇ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਇਸ ਦੁੱਖ ਦੀ ਘੜੀ ਵਿੱਚ ਨੈਨ ਪਰਿਵਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਪਹਿਲਾਂ ਹੀ ਪਿੰਡ ਅਲੀਸ਼ੇਰ ਵਿਖੇ ਘਰ-ਘਰ ਜਾ ਕੇ ਪੀੜਤ ਪਰਿਵਾਰਾਂ ਦੀ ਮਦਦ ਕਰ ਚੁੱਕੇ ਹਨ ਅਤੇ ਹੁਣ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚ ਕੇ ਉੱਥੇ ਇਲਾਜ ਅਧੀਨ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਵੀ ਆਰਥਿਕ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਕਿਰਨ ਕੌਰ ਦੇ ਪਤੀ ਗੁਰਜੰਟ ਸਿੰਘ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਕਿ ਆਧਾਰ ਕਾਰਡ ਅਪਡੇਟ ਨਾ ਹੋਣ ਕਾਰਨ ਦੋ ਦਿਨ ਪਹਿਲਾਂ ਕਿਰਨ ਕੌਰ ਦਾ ਹੱਡੀ ਦਾ ਆਪਰੇਸ਼ਨ ਰੁਕ ਗਿਆ ਸੀ। ਇਸ ’ਤੇ ਹਾਰਦਿਕ ਨੈਨ ਨੇ ਤੁਰੰਤ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਪਰਿਵਾਰ ਨੂੰ ਆਪਣੇ ਨਾਲ ਲਿਜਾ ਕੇ ਲੋੜੀਂਦੇ ਕਾਗਜ਼ਾਤ ਪੂਰੇ ਕਰਵਾਉਣ ਵਿੱਚ ਮਦਦ ਕੀਤੀ। ਇਸ ਮੌਕੇ ਉਨ੍ਹਾਂ ਸਰਕਾਰ ਤੋਂ ਸਵਾਲ ਕਰਦਿਆਂ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਡਰਾਈਵਰ ਨੂੰ ਨਸ਼ਾ ਕਿੱਥੋਂ ਮਿਲਿਆ ਅਤੇ ਉਸ ਨੂੰ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਜਦੋਂ ਤੱਕ ਨਸ਼ਾ ਵੇਚਣ ਵਾਲੇ ਵੱਡੇ ਤਸਕਰਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ ਅਤੇ ਸਿਰਫ਼ ਵਾਹਨ ਚਲਾਉਣ ਵਾਲੇ ਵਿਅਕਤੀ ਬਦਲਦੇ ਰਹਿਣਗੇ। ਇਸ ਦੌਰਾਨ ਪਿੰਡ ਅਲੀਸ਼ੇਰ ਦੀ ਸਮੁੱਚੀ ਪੰਚਾਇਤ ਅਤੇ ਪੀੜਤ ਪਰਿਵਾਰਾਂ ਵੱਲੋਂ ਨੈਨ ਪਰਿਵਾਰ ਦਾ ਇਸ ਔਖੀ ਘੜੀ ਵਿੱਚ ਮਦਦ ਕਰਨ ਲਈ ਧੰਨਵਾਦ ਕੀਤਾ ਗਿਆ।