- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਚੰਦ ਸਿੰਘ ਬਰਸਟ ਨੇ ਲਲੋਛੀ ਵਿਖੇ ਸੜਕੀ ਪ੍ਰੋਜੈਕਟ ਦਾ ਕੀਤਾ ਉਦਘਾਟਨ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਹਲਕਾ ਸਮਾਣਾ ਦੇ ਪਿੰਡ ਲਲੋਛੀ ਵਿਖੇ ਸੜਕੀ ਪ੍ਰੋਜੈਕਟ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਇਸ ਪ੍ਰੋਜੈਕਟ ਤਹਿਤ ਪਿੰਡ ਲਲੋਛੀ ਤੋਂ ਬਾਬਾ ਗੰਗਾਦਾਸ ਦੀ ਸਮਾਧ ਤੱਕ ਜਾਣ ਵਾਲੀ ਸੜਕ ਦੀ ਚੌੜਾਈ ਵਧਾਈ ਜਾਵੇਗੀ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੇਂਡੂ ਖੇਤਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਸੜਕਾਂ ਦਾ ਨਵੀਨੀਕਰਨ ਤੇ ਚੌੜਾਈ ਵਧਾਉਣ ਨਾਲ ਲੋਕਾਂ ਦੀ ਆਵਾਜਾਈ ਸੁਖਾਲੀ ਹੋਣ ਦੇ ਨਾਲ ਪਿੰਡਾਂ ਦੇ ਆਪਸੀ ਸੰਪਰਕ ਅਤੇ ਵਪਾਰਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਲਕਾ ਸਮਾਣਾ ਵਿਚ ਵਿਕਾਸ ਕਾਰਜਾਂ ਨੂੰ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ। ਮਜ਼ਬੂਤ ਸੜਕੀ ਨੈੱਟਵਰਕ ਨਾਲ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਹੋਰ ਮੁੱਢਲੀਆਂ ਸਹੂਲਤਾਂ ਤੱਕ ਪਹੁੰਚਣ ਵਿੱਚ ਆਸਾਨੀ ਹੁੰਦੀ ਹੈ। ਇਸ ਮੌਕੇ ਸਤਪਾਲ ਸਿੰਘ ਸਰਪੰਚ ਲਲੋਛੀ,ਲਖਵਿੰਦਰ ਸਿੰਘ ਲੱਖੀ ਸਾਬਕਾ ਸਰਪੰਚ, ਗੁਰਵਿੰਦਰ ਸਿੰਘ, ਰਾਮ ਸਿੰਘ ਸਰਪੰਚ ਫਤਿਹਪੁਰ, ਨਰਿੰਦਰ ਸਿੰਘ ਸਰਪੰਚ ਬਰਸਟ, ਸੋਨੂੰ ਸਰਪੰਚ ਗੁਰੂ ਨਾਨਕ ਨਗਰ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਨਿਵਾਸੀ ਹਾਜ਼ਰ ਰਹੇ।