- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਇੰਚਾਰਜ ਰਣਜੋਧ ਨੇ ਕਰਵਾਈ ਝੋਨੇ ਦੀ ਸਰਕਾਰੀ ਖ਼ਰੀਦ

ਭੁਪਿੰਦਰ ਸਿੰਘ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਦੀ ਵਚਨਬੱਧਤਾ ਤਹਿਤ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਅਨਾਜ ਮੰਡੀ ਬਲਬੇੜਾ, ਮਰਦਾਹੇੜੀ ਤੇ ਪੰਜੋਲਾ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਰਸਮੀ ਤੌਰ ’ਤੇ ਸ਼ੁਰੂ ਕਰਵਾਈ। ਇਸ ਦੌਰਾਨ ਸ. ਹਡਾਣਾ ਨੇ ਮੰਡੀਆਂ ਦਾ ਦੌਰਾ ਕਰਦਿਆਂ ਕਿਸਾਨਾਂ, ਆੜ੍ਹਤੀਆਂ ਤੇ ਪੱਲੇਦਾਰਾਂ ਨਾਲ ਗੱਲਬਾਤ ਕੀਤੀ ਅਤੇ ਖ਼ਰੀਦ ਪ੍ਰਬੰਧਾਂ ਸਮੇਤ ਫ਼ਸਲ ਦੀ ਲਿਫ਼ਟਿੰਗ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਮੌਜੂਦ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਮੰਡੀਆਂ ਵਿਚ ਆਪਣੀ ਜਿਣਸ ਲੈ ਕੇ ਪੁੱਜੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਬਾਰਦਾਨੇ, ਬਿਜਲੀ ਤੇ ਪੀਣ ਵਾਲੇ ਸਾਫ਼ ਪਾਣੀ ਦੇ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਹੈਪੀ ਪਹਾੜੀਪੁਰ ਤੇ ਚੇਅਰਮੈਨ ਹਨੀ ਮਾਹਲਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਕਿਸਾਨਾਂ ਦੀ ਫ਼ਸਲ ਦੀ ਸੁਚਾਰੂ ਖ਼ਰੀਦ ਅਤੇ ਖ਼ਾਤਿਆਂ ਵਿਚ ਸਮੇਂ ਸਿਰ ਅਦਾਇਗੀ ਕਰਨ ਲਈ ਵਚਨਬੱਧ ਹੈ। ਇਸ ਮੌਕੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤੋਂ ਇਲਾਵਾ ਪ੍ਰਧਾਨ ਕਰਮਜੀਤ ਸਿੰਘ ਬਲਬੇੜਾ, ਪ੍ਰਧਾਨ ਸੁਨੀਲ ਕੁਮਾਰ ਮਰਦਾਹੇੜੀ, ਪ੍ਰਧਾਨ ਕ੍ਰਿਪਾਲ ਸਿੰਘ ਪੰਜੋਲਾ, ਚੇਅਰਮੈਨ ਮਦਨ ਵਰਮਾ, ਬਲਾਕ ਪ੍ਰਧਾਨ ਗੁਰਪ੍ਰੀਤ ਬਲਬੇੜਾ, ਆੜ੍ਹਤੀ ਹਰੀ ਕਿਸ਼ਨ ਪੰਜੋਲਾ, ਰਾਮ ਕੁਮਾਰ, ਗੁਰਮੇਲ ਸਿੰਘ ਆੜਤੀ ਬਲਬੇੜ੍ਹਾ,ਬਖਸੀਸ਼ ਸਿੰਘ ਬਲਬੇੜ੍ਹਾ,ਬਲਾਕ ਪ੍ਰਧਾਨ ਲਵਪ੍ਰੀਤ ਧਾਲੀਵਾਲ, ਮੈਂਬਰ ਬਲਾਕ ਸੰਮਤੀ ਅਮਨਿੰਦਰ, ਸਰਪੰਚ ਸੇਵਾ ਦਾਸ ਸਲੇਮਪੁਰ ਬ੍ਰਾਹਮਣਾ ਆਦਿ ਹਾਜ਼ਰ ਸਨ।