- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਜੋਲੀ ਜਾਣ ਵਾਲੀ ਸੜਕ ਦਾ ਅੱਧਾ ਕੰਮ ਛੇ ਮਹੀਨਿਆਂ ਤੋਂ ਲਟਕਿਆ, ਰਾਹਗੀਰ ਹੋ ਰਹੇ ਪ੍ਰੇਸ਼ਾਨ

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਘਨੌਰ ਦੇ ਮਸਜਿਦ ਚੌਕ ਤੋਂ ਪਿੰਡ ਮੰਜੋਲੀ ਨੂੰ ਜਾਣ ਵਾਲੀ ਸੜਕ ਦੀ ਅਧੂਰੀ ਉਸਾਰੀ ਕਾਰਨ ਰਾਹਗੀਰਾਂ ਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਲਗਭਗ ਛੇ ਮਹੀਨਿਆਂ ਤੋਂ ਸੜਕ ਦਾ ਨਿਰਮਾਣ ਕਾਰਜ ਅਧੂਰਾ ਪਿਆ ਹੋਇਆ ਹੈ। ਸੜਕ ਦਾ ਇੱਕ ਹਿੱਸਾ ਤਾਂ ਤਿਆਰ ਕਰਕੇ ਉਸ ’ਤੇ ਲੁੱਕ ਪਾ ਦਿੱਤੀ ਗਈ ਹੈ, ਪਰ ਬਾਕੀ ਹਿੱਸੇ ’ਤੇ ਅਜੇ ਤੱਕ ਲੁੱਕ ਨਾ ਪੈਣ ਕਾਰਨ ਸੜਕ ਅੱਧੀ ਪੱਕੀ ਅਤੇ ਅੱਧੀ ਕੱਚੀ ਬਣੀ ਹੋਈ ਹੈ। ਸੜਕ ਦੀ ਮੌਜੂਦਾ ਹਾਲਤ ਕਾਰਨ ਦੋਪਹੀਆ ਵਾਹਨ ਚਾਲਕਾਂ, ਕਾਰ ਸਵਾਰਾਂ ਅਤੇ ਹੋਰ ਰਾਹਗੀਰਾਂ ਨੂੰ ਆਉਣ-ਜਾਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧੂਰੇ ਹਿੱਸੇ ਵਿੱਚ ਮਿੱਟੀ, ਰੋੜੇ ਅਤੇ ਉਖੜੀ ਹੋਈ ਸਤ੍ਹਾ ਕਾਰਨ ਵਾਹਨ ਚਾਲਕਾਂ ਨੂੰ ਹੌਲੀ ਰਫ਼ਤਾਰ ਨਾਲ ਲੰਘਣਾ ਪੈਂਦਾ ਹੈ। ਇਸ ਤੋਂ ਇਲਾਵਾ ਸੜਕ ਦੇ ਕਿਨਾਰਿਆਂ ਦੀ ਮਾੜੀ ਹਾਲਤ ਵੀ ਹਾਦਸਿਆਂ ਦਾ ਖਦਸ਼ਾ ਬਣੀ ਰਹਿੰਦੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ ਤਾਂ ਲੋਕਾਂ ਨੂੰ ਉਮੀਦ ਸੀ ਕਿ ਜਲਦੀ ਹੀ ਉਨ੍ਹਾਂ ਨੂੰ ਆਵਾਜਾਈ ਦੀ ਬਿਹਤਰ ਸਹੂਲਤ ਮਿਲੇਗੀ, ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਕੰਮ ਪੂਰਾ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਬਰਕਰਾਰ ਹਨ। ਲੋਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦਾ ਬਾਕੀ ਰਹਿੰਦਾ ਕੰਮ ਜਲਦੀ ਪੂਰਾ ਕਰਵਾਇਆ ਜਾਵੇ। ਇਸ ਸਬੰਧੀ ਜਦੋਂ ਵਿਭਾਗ ਦੇ ਐਸ.ਡੀ.ਓ. ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੜਕ ਦਾ ਰਹਿੰਦਾ ਕੰਮ ਅਗਲੇ 15 ਦਿਨਾਂ ਦੇ ਅੰਦਰ ਮੁਕੰਮਲ ਕਰ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਵਿਭਾਗ ਵੱਲੋਂ ਦਿੱਤੇ ਗਏ 15 ਦਿਨਾਂ ਦੇ ਭਰੋਸੇ ਅਨੁਸਾਰ ਸੜਕ ਦਾ ਨਿਰਮਾਣ ਕਾਰਜ ਪੂਰਾ ਹੁੰਦਾ ਹੈ ਜਾਂ ਫਿਰ ਰਾਹਗੀਰਾਂ ਨੂੰ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।