ਸਾਲ 2026 ’ਚ ਹੀ ਪੂਰੇ ਕੀਤੇ ਜਾਣਗੇ ਵਿਕਾਸ ਪ੍ਰੋਜੈਕਟ : ਹਡਾਣਾ
ਸਾਲ 2026 ਵਿੱਚ ਹੀ ਪੂਰੇ ਕੀਤੇ ਜਾਣਗੇ ਵਿਕਾਸ ਪ੍ਰੋਜੈਕਟ: ਹਡਾਣਾ
Publish Date: Fri, 03 Apr 2026 06:01 PM (IST)
Updated Date: Fri, 03 Apr 2026 06:04 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਵੱਲੋਂ ‘ਸ਼ਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ’ ਮੁਹਿੰਮ ਤਹਿਤ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਤਹਿਤ ਪਿੰਡ ਵਾਸੀਆਂ ਨਾਲ ਸਿੱਧਾ ਰਾਬਤਾ ਕਰ ਕੇ ਗੱਲਬਾਤ ਕੀਤੀ ਅਤੇ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਰਾਮ ਇੰਦਰ ਜਮਨਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਮੇਲ ਸਿੰਘ ਖਾਕਟਾਂ, ਅਮਰਿੰਦਰ ਰਾਠੀਆਂ ਬਲਾਕ ਪ੍ਰਧਾਨ, ਦਵਿੰਦਰ ਸਿੰਘ ਮਾਡ਼ੂ, ਯੁਵਰਾਜ, ਮਨਦੀਪ ਸਿੰਘ ਮੈਂਬਰ ਬਲਾਕ ਸੰਮਤੀ, ਆਪ ਆਗੂ, ਵਰਕਰ ਅਤੇ ਪਿੰਡਾਂ ਦੇ ਲੋਕ ਮੌਜੂਦ ਰਹੇ। ਹਡਾਣਾ ਨੇ ਅੱਜ ਬਰਕਤਪੁਰ, ਨੈਣਾਂ ਅਤੇ ਭੁਨਰਹੇਡ਼ੀ ਤੋਂ ਇਲਾਵਾ ਹੋਰਨਾਂ ਪਿੰਡਾਂ ਵਿਚਲੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਅਹਿਮ ਐਲਾਨ ਕੀਤਾ ਕਿ ਮਾਨ ਸਰਕਾਰ ਵੱਲੋਂ ਮਹਿਲਾਵਾਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 1000-1500 ਰੁਪਏ ਦੇ ਫ਼ਾਰਮ ਵਿਸਾਖੀ ਵਾਲੇ ਦਿਨ ਤੋਂ ਭਰਨੇ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨਿਕ ਟੀਮਾਂ ਅਤੇ ਵਲੰਟੀਅਰ ਖ਼ੁਦ ਘਰ-ਘਰ ਜਾ ਕੇ ਇਹ ਫ਼ਾਰਮ ਭਰਨਗੇ ਤਾਂ ਜੋ ਕਿਸੇ ਵੀ ਲੋਡ਼ਵੰਦ ਮਹਿਲਾ ਨੂੰ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਹਡਾਣਾ ਨੇ ਪਿੰਡਾਂ ਦੇ ਵਿਕਾਸ ਲਈ ਨਵੇਂ ਪ੍ਰੋਜੈਕਟਾਂ ਨੂੰ ਜਲਦ ਸ਼ੁਰੂ ਕਰਵਾਉਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਹਲਕੇ ਵਿੱਚ ਪੰਚਾਇਤ ਘਰਾਂ, ਖੇਡ ਗਰਾਊਂਡਾਂ ਅਤੇ ਸਡ਼ਕਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹਲਕੇ ਦੇ ਵਿਕਾਸ ਲਈ ਪਹਿਲਾਂ ਹੀ ਕਰੋਡ਼ਾਂ ਰੁਪਏ ਦੇ ਪ੍ਰੋਜੈਕਟ ਜੰਗੀ ਪੱਧਰ ’ਤੇ ਚੱਲ ਰਹੇ ਹਨ। ਸਾਲ 2026 ਵਿੱਚ ਹੀ ਸਾਰੇ ਅਧੂਰੇ ਪ੍ਰੋਜੈਕਟਾਂ ਨੂੰ ਮੁਕੰਮਲ ਕਰਕੇ ਲੋਕਾਂ ਦੇ ਅਰਪਣ ਕਰ ਦਿੱਤਾ ਜਾਵੇਗਾ। ਹਲਕੇ ਦੇ ਨੌਜਵਾਨਾਂ ਲਈ 16 ਤੋਂ ਵੱਧ ਨਵੇਂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿ ਸਕਣ। ਹਡਾਣਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿੱਚ ਪਿਛਲੇ 6 ਮਹੀਨਿਆਂ ਦੌਰਾਨ ਹੋਇਆ ਰਿਕਾਰਡ ਵਿਕਾਸ ਇਸ ਗੱਲ ਦਾ ਸਬੂਤ ਹੈ ਕਿ ’ਆਮ ਆਦਮੀ ਪਾਰਟੀ’ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ।