- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਘਰ ਦੀ ਕਾਰਸੇਵਾ ਅਰੰਭ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੇਠੇ ਸਪੁੱਤਰ ਧੰਨ-ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੇ 532ਵੇਂ ਪ੍ਰਕਾਸ਼ ਉਤਸਵ ਸਬੰਧੀ ਗੁਰਦੁਆਰਾ ਸਿੰਘ ਸਭਾ, ਇੰਦਰਾਪੁਰੀ, ਹਰਿੰਦਰ ਨਗਰ ਪਟਿਆਲਾ ਵਿਖੇ ਮਹਾਨ ਗੁਰਮਤਿ ਤੇ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ। ਸਮਾਗਮ ਮੁੱਖ ਸੇਵਾਦਾਰ ਜਤਿੰਦਰ ਕੌਰ ਪਿੰਕੀ, ਸਕੱਤਰ ਸੁਖਦੇਵ ਸਿੰਘ, ਖ਼ਜ਼ਾਨਚੀ ਪ੍ਰੇਮ ਸਿੰਘ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਕਾਰਸੇਵਾ ਟੱਕ ਲਗਾ ਕੇ ਸ਼ੁਰੂ ਕਰਵਾਈ ਗਈ। ਸਮਾਗਮ ਦੌਰਾਨ ਪੰਥ ਦੇ ਪ੍ਰਸਿੱਧ ਕਥਾਵਾਚਕਾਂ, ਪ੍ਰਚਾਰਕਾਂ, ਹਜ਼ੂਰੀ ਰਾਗੀਆਂ ਤੇ ਸੰਤ-ਮਹਾਂਪੁਰਖਾਂ ਨੇ ਸ਼ਮੂਲੀਅਤ ਕੀਤੀ। ਭਾਈ ਮਨਪ੍ਰੀਤ ਸਿੰਘ ਹਜ਼ੂਰੀ ਰਾਗੀ ਸਿੰਘ ਸਭਾ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸਾਬਕਾ ਹੈੱਡ ਗ੍ਰੰਥੀ ਗਿਆਨੀ ਸੁਖਦੇਵ ਸਿੰਘ, ਨਾਨਕਸਰ ਕੁਟੀਆ ਤ੍ਰਿਪੜੀ ਤੋਂ ਬਾਬਾ ਹਰਚਰਨ ਸਿੰਘ ਅਤੇ ਬਾਬਾ ਪਾਲ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਰਾਹੀਂ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਲੰਮੇ ਸਮੇਂ ਤੋਂ ਸੰਗਤਾਂ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁੱਖ-ਸੁੱਖ ਦੇ ਸਮਾਗਮਾਂ ਦੌਰਾਨ ਸੰਗਤਾਂ ਦੀ ਵਧਦੀ ਗਿਣਤੀ ਕਾਰਨ ਗੁਰਦੁਆਰਾ ਸਾਹਿਬ ਦੀ ਮੌਜੂਦਾ ਜਗ੍ਹਾ ਘੱਟ ਪੈ ਰਹੀ ਸੀ। ਸੰਗਤਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਘਰ ਦੀ ਇਮਾਰਤ ਦਾ ਵਿਸਥਾਰ ਕਰਨ ਲਈ ਕਾਰਸੇਵਾ ਸ਼ੁਰੂ ਕੀਤੀ ਗਈ ਹੈ। ਪ੍ਰਬੰਧਕਾਂ ਨੇ ਸੰਗਤਾਂ ਨੂੰ ਕਾਰਸੇਵਾ ਵਿਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਗੁਰਵਿੰਦਰ ਸਿੰਘ ਬਿੱਟੂ ਨੇ ਨਿਭਾਈ। ਸਮਾਗਮ ਵਿਚ ਪੁੱਜੀਆਂ ਧਾਰਮਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।