- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧੂਰੀਆਂ ਆਈਆਂ ਗ੍ਰਾਂਟਾਂ ਨੇ ਪੜ੍ਹਨੇ ਪਾਏ ਅਧਿਆਪਕ -ਜੀਟੀਯੂ

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਆਮ ਆਦਮੀ ਪਾਰਟੀ ਦੀ ਸਰਕਾਰ ਸਿੱਖਿਆ ਕ੍ਰਾਂਤੀ ਦਾ ਨਾਅਰਾ ਦੇ ਕੇ ਪੰਜਾਬ ਅੰਦਰ ਬਣੀ ਸੀ ਉਦੋਂ ਤੋਂ ਹੀ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਹੈਪੀਨਸ, ਸਕੂਲ ਆਫ ਐਮੀਨੈਂਸ ਬਣਾਉਣ ਸਮੇਤ ਵੱਡੇ ਸੁਧਾਰ ਦਾ ਐਲਾਨ ਕੀਤਾ ਸੀ ਪਰ ਹੁਣ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਐਲਾਨਾਂ ਤੋਂ ਸਾਫ ਭੱਜਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ, ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਆਖਿਆ ਕਿ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬੇਹਤਰ ਬਣਾਉਣ ਲਈ ਕੀਤੇ ਐਲਾਨ ਹੁਣ ਤੱਕ ਪੂਰਾ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸਕੂਲ ਆਫ ਹੈਪੀਨੈਂਸ ਸਕੂਲ, ਆਫ ਐਮੀਨੈਂਸ ਨੂੰ ਨਬਾਰਡ 29- 30 ਅਧੀਨ ਗ੍ਰਾਂਟਾਂ ਰਾਹੀਂ ਸਕੂਲਾਂ ਨੂੰ ਬੇਹਤਰ ਬਣਾਉਣ ਲਈ ਐਲਾਨ ਕੀਤਾ ਗਿਆ ਸੀ ਪਰ ਨਬਾਰਡ 29- 30 ਦੇ ਅਧੀਨ ਸਕੂਲਾਂ ਨੂੰ ਅਧੂਰੀਆਂ ਗ੍ਰਾਂਟਾਂ ਆਉਣ ਕਰਕੇ ਸਕੂਲ ਇੰਚਾਰਜ ਤੇ ਅਧਿਆਪਕ ਵੱਡੇ ਪੱਧਰ ’ਤੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰ ਅਧਿਆਪਕਾਂ ਤੋਂ ਪੈਸੈ ਲੈਣ ਲਈ ਸਕੂਲਾਂ ’ਚ ਗੇੜੇ ਮਾਰ ਰਹੇ ਹਨ। ਆਗੂਆਂ ਨੇ ਕਿਹਾ ਕਿ ਅਧੂਰੀਆਂ ਬਿਲਡਿੰਗਾਂ ਹੋਣ ਕਰਕੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸੱਟ ਫੇਟ ਲੱਗਣ ਦੀ ਦਿੱਕਤ ਵੀ ਸਤਾ ਰਹੀ ਹੈ। ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ’ਚ ਅਧਿਆਪਕ ਸਭ ਤੋਂ ਵੱਧ ਮਾਨਸਿਕ ਤੌਰ ਤੇ ਪਰੇਸ਼ਾਨੀ ਦਾ ਸ਼ਿਕਾਰ ਹੋਏ ਹਨ। ਥੋਕ ’ਚ ਲੱਗੀਆਂ ਗੈਰ ਵਿੱਦਿਅਕ ਡਿਊਟੀਆਂ ਨੇ ਅਧਿਆਪਕਾਂ ਦਾ ਲੱਕ ਤੋੜ ਦਿੱਤਾ ਹੈ। ਸਕੂਲਾਂ ਅੰਦਰ ਗੈਰ ਵਿੱਦਿਅਕ ਡਿਊਟੀਆਂ ਤੇ ਅਧਿਆਪਕ ਹੋਣ ਕਰਕੇ ਹਾਜ਼ਰੀ ਨਾ ਮਾਤਰ ਹੈ। ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਲੱਭਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਮਾੜੇ ਹਾਲਾਤ ਕੀ ਹੋਣਗੇ ਕਿ ਸਕੂਲਾਂ ਦੀਆਂ ਬਿਲਡਿੰਗਾਂ, ਬਾਥਰੂਮ ਰਸੋਈਆਂ ਅਜੇ ਤੱਕ ਵੀ ਅਧੂਰੀਆਂ ਪਈਆਂ ਹਨ। ਇਸ ਮੌਕੇ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ , ਗੁਰਪ੍ਰੀਤ ਸਿੰਘ , ਗੁਰਵਿੰਦਰ ਸਿੰਘ ਹਰਵਿੰਦਰ ਸਿੰਘ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ, ਰਾਜਿੰਦਰ ਸਿੰਘ ਰਾਜਸ਼ਿਵਪ੍ਰੀਤ ਸਿੰਘ ਆਦਿ ਹਾਜ਼ਰ ਸਨ।