ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਮੌਕੇ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ
Publish Date: Wed, 04 Nov 2026 03:43 PM (IST)
Updated Date: Thu, 05 Nov 2026 04:02 AM (IST)
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ ਜਸਪਾਲ ਲਾਡੇਵਾਲ/ ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਤਿਉਹਾਰਾਂ ਦੌਰਾਨ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਰੱਖਣ ਅਤੇ ਲੋਕਾਂ ਦੀ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ, ਭੰਡਾਰਨ ਅਤੇ ਵਰਤੋਂ ਸਬੰਧੀ ਸਖ਼ਤ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਐੱਸ ਤਿੜਕੇ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ-2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਸਿਰਫ਼ ਗ੍ਰੀਨ ਪਟਾਕਿਆਂ ਦੀ ਹੀ ਵਿਕਰੀ ਅਤੇ ਵਰਤੋਂ ਕੀਤੀ ਜਾ ਸਕੇਗੀ। ਜਦਕਿ ਆਮ ਪਟਾਕਿਆਂ, ਲੜੀਵਾਰ ਪਟਾਕਿਆਂ ਅਤੇ ਪਾਬੰਦੀਸ਼ੁਦਾ ਰਸਾਇਣਾਂ ਵਾਲੇ ਪਟਾਕਿਆਂ ’ਤੇ ਪੂਰਨ ਰੋਕ ਰਹੇਗੀ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹੇ ਅੰਦਰ ਬਿਨਾਂ ਲਾਇਸੰਸ ਜਾਂ ਸਮਰੱਥ ਅਧਿਕਾਰੀ ਦੀ ਪੂਰਵ ਪ੍ਰਵਾਨਗੀ ਤੋਂ ਪਟਾਕਿਆਂ ਦਾ ਨਿਰਮਾਣ, ਭੰਡਾਰਨ ਅਤੇ ਵਿਕਰੀ ਨਹੀਂ ਕੀਤੀ ਜਾ ਸਕੇਗੀ। ਬੇਰੀਅਮ ਸਾਲਟਸ, ਐਂਟੀਮਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੈੱਡ ਅਤੇ ਸਟ੍ਰੋਂਸ਼ੀਅਮ ਕ੍ਰੋਮੇਟ ਵਰਗੇ ਹਾਨੀਕਾਰਕ ਰਸਾਇਣਾਂ ਵਾਲੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ’ਤੇ ਵੀ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਲੜੀਵਾਰ ਪਟਾਕਿਆਂ ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਤੇ ਵਰਤੋਂ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਪਟਾਕਿਆਂ ਦੀ ਵਿਕਰੀ ਕੇਵਲ ਲਾਇਸੰਸਸ਼ੁਦਾ ਦੁਕਾਨਦਾਰਾਂ ਵੱਲੋਂ ਨਿਰਧਾਰਤ ਥਾਵਾਂ ’ਤੇ ਹੀ ਕੀਤੀ ਜਾ ਸਕੇਗੀ। ਫਲਿੱਪਕਾਰਟ, ਐਮਾਜ਼ੋਨ ਸਮੇਤ ਹੋਰ ਈ-ਕਾਮਰਸ ਵੈੱਬਸਾਈਟਾਂ ਰਾਹੀਂ ਪਟਾਕਿਆਂ ਦੀ ਆਨਲਾਈਨ ਵਿਕਰੀ ’ਤੇ ਵੀ ਪਾਬੰਦੀ ਲਾਈ ਗਈ ਹੈ। ਇਨ੍ਹਾਂ ਥਾਵਾਂ ’ਤੇ ਹੀ ਲੱਗਣਗੀਆਂ ਪਟਾਕਿਆਂ ਦੀਆਂ ਦੁਕਾਨਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਤਿੰਨ ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਮਾਲੇਰਕੋਟਲਾ ਵਿਖੇ ਪੀਡਬਲਿਊਡੀ ਦਫ਼ਤਰ ਦੇ ਸਾਹਮਣੇ ਡਿਫੈਂਸ ਲੈਂਡ ਦੀ ਖਾਲੀ ਜਗ੍ਹਾ ’ਤੇ ਦੀਵਾਲੀ ਵਾਲੇ ਦਿਨ ਤੱਕ ਪਟਾਕਿਆਂ ਦੀ ਵਿਕਰੀ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਅਹਿਮਦਗੜ੍ਹ ਵਿਖੇ ਗਾਂਧੀ ਸਕੂਲ ਦੀ ਪਿਛਲੀ ਸਾਈਡ ਅਤੇ ਅਮਰਗੜ੍ਹ ਵਿਖੇ ਨਵੇਂ ਬੱਸ ਸਟੈਂਡ ’ਤੇ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਦੀ ਇਜਾਜ਼ਤ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਦੀਵਾਲੀ ਮੌਕੇ 8 ਨਵੰਬਰ ਨੂੰ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੋਵੇਗੀ। ਗੁਰਪੁਰਬ ਮੌਕੇ 24 ਨਵੰਬਰ ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ। ਇਸੇ ਤਰ੍ਹਾਂ ਕ੍ਰਿਸਮਸ ਮੌਕੇ 25 ਅਤੇ 26 ਦਸੰਬਰ ਦੀ ਦਰਮਿਆਨੀ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ ਤੱਕ ਅਤੇ ਨਵੇਂ ਸਾਲ ਦੀ ਆਮਦ ਮੌਕੇ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ 11:55 ਵਜੇ ਤੋਂ ਸਵੇਰੇ 12:30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਮਨਜ਼ੂਰੀ ਹੋਵੇਗੀ।