ਲਾਵਾਰਿਸ ਕੁੱਤਿਆਂ ਦਾ ਵਧਦਾ ਕਹਿਰ, ਰੋਜ਼ਾਨਾ ਲੋਕ ਬਣ ਰਹੇ ਸ਼ਿਕਾਰ ਲਾਵਾਰਿਸ ਕੁੱਤਿਆਂ ਦਾ ਵਧਦਾ ਕਹਿਰ, ਰੋਜ਼ਾਨਾ ਲੋਕ ਬਣ ਰਹੇ ਸ਼ਿਕਾਰ
Publish Date: Fri, 03 Jul 2026 04:12 PM (IST)
Updated Date: Sat, 04 Jul 2026 04:02 AM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਹੋਵੇ ਜਾਂ ਪਿੰਡ, ਗਲੀ ਹੋਵੇ ਜਾਂ ਮੁਹੱਲਾ, ਹਰ ਪਾਸੇ ਆਵਾਰਾ ਕੁੱਤਿਆਂ ਦੀ ਭਰਮਾਰ ਹੈ। ਆਵਾਰਾ ਕੁੱਤੇ ਰੋਜ਼ਾਨਾ ਕਿਸੇ ਨਾ ਕਿਸੇ ਮਾਸੂਮ ਬੱਚੇ, ਬਜ਼ੁਰਗ ਜਾਂ ਰਾਹਗੀਰ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਇਨ੍ਹਾਂ ਦੀ ਵਧਦੀ ਗਿਣਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਕੋਲ ਕੋਈ ਠੋਸ ਯੋਜਨਾ ਨਜ਼ਰ ਨਹੀਂ ਆ ਰਹੀ। ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀ ਕਾਰਵਾਈ ਸਿਰਫ਼ ਰਸਮੀ ਕਾਰਵਾਈ ਤੱਕ ਹੀ ਸੀਮਤ ਦਿਖਾਈ ਦੇ ਰਹੀ ਹੈ। ਸਟਾਫ਼ ਦੀ ਘਾਟ ਨਾਲ ਜੂਝ ਰਹੀਆਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਵਿੱਚ ਅਸਮਰੱਥ ਹਨ। ਨਗਰ ਕੌਂਸਲ ਸੰਗਰੂਰ ਕੋਲ ਵੀ ਇਸ ਕੰਮ ਲਈ ਕੋਈ ਵੱਖਰਾ ਬਜਟ ਨਹੀਂ ਹੈ। ਨਤੀਜੇ ਵਜੋਂ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਬਣਦੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਹੋਇਆ ਹੈ। ਜ਼ਿਲ੍ਹੇ ਭਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ, ਪਰ ਇਸ ਸਮੱਸਿਆ ਨਾਲ ਨਜਿੱਠਣ ਲਈ ਕੋਈ ਪ੍ਰਭਾਵਸ਼ਾਲੀ ਨੀਤੀ ਲਾਗੂ ਨਹੀਂ ਕੀਤੀ ਗਈ। ਸ਼ਹਿਰਾਂ ਵਿੱਚ ਨਗਰ ਕੌਂਸਲਾਂ ਅਤੇ ਪਿੰਡਾਂ ਵਿੱਚ ਨਗਰ ਪੰਚਾਇਤਾਂ ਵੱਲੋਂ ਕੁੱਤਿਆਂ ਨੂੰ ਫੜ ਕੇ ਉਨ੍ਹਾਂ ਦੀ ਨਸਬੰਦੀ ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਸਟਾਫ਼ ਦੀ ਕਮੀ ਅਤੇ ਵੱਧ ਗਿਣਤੀ ਕਾਰਨ ਇਹ ਕੰਮ ਪ੍ਰਭਾਵੀ ਢੰਗ ਨਾਲ ਨਹੀਂ ਹੋ ਰਿਹਾ। ਇਨ੍ਹਾਂ ਥਾਵਾਂ ’ਤੇ ਸਭ ਤੋਂ ਵੱਧ ਹੈ ਆਵਾਰਾ ਕੁੱਤਿਆਂ ਦੀ ਭਰਮਾਰ ਭਾਵੇਂ ਆਵਾਰਾ ਕੁੱਤੇ ਸ਼ਹਿਰ ਦੇ ਲਗਪਗ ਹਰ ਹਿੱਸੇ ਵਿੱਚ ਘੁੰਮਦੇ ਨਜ਼ਰ ਆਉਂਦੇ ਹਨ, ਪਰ ਖਾਣ-ਪੀਣ ਵਾਲੀਆਂ ਰੇਹੜੀਆਂ, ਮੀਟ ਦੀਆਂ ਦੁਕਾਨਾਂ, ਸ਼ਰਾਬ ਦੇ ਅਹਾਤਿਆਂ, ਮਿਠਾਈਆਂ ਦੀਆਂ ਦੁਕਾਨਾਂ ਦੇ ਨੇੜੇ ਇਨ੍ਹਾਂ ਦੀ ਗਿਣਤੀ ਵੱਧ ਹੈ। ਇਸ ਤੋਂ ਇਲਾਵਾ ਸੁਨਾਮੀ ਗੇਟ, ਧੂਰੀ ਗੇਟ, ਨਾਭਾ ਗੇਟ, ਕੋਲਾ ਪਾਰਕ, ਐਕਸਚੇਂਜ ਰੋਡ, ਬੱਸ ਸਟੈਂਡ, ਗੋਬਿੰਦਪੁਰਾ ਕਲੋਨੀ, ਕਰਤਾਰਪੁਰਾ ਬਸਤੀ, ਇੰਦਰਾ ਬਸਤੀ, ਸਬਜ਼ੀ ਮੰਡੀ ਡੰਪ, ਮੰਡੀ ਵਾਲੀ ਗਲੀ, ਸਰਕਾਰੀ ਹਸਪਤਾਲ ਅਤੇ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਵੀ ਆਵਾਰਾ ਕੁੱਤਿਆਂ ਦੇ ਝੁੰਡ ਫਿਰਦੇ ਰਹਿੰਦੇ ਹਨ। ਇਨ੍ਹਾਂ ਥਾਵਾਂ ਤੇ ਰਾਹਗੀਰਾਂ ਦੀ ਆਵਾਜਾਈ ਜ਼ਿਆਦਾ ਹੋਣ ਕਾਰਨ ਹਮਲਿਆਂ ਦਾ ਖ਼ਤਰਾ ਵੀ ਵਧ ਜਾਂਦਾ ਹੈ। ਸੁਪਰੀਮ ਕੋਰਟ ਦੇ ਹੁਕਮ ਸੁਪਰੀਮ ਕੋਰਟ ਦੀ ਤਿੰਨ ਜੱਜਾਂ ਦੀ ਬੈਂਚ ਨੇ 7 ਨਵੰਬਰ ਨੂੰ ਆਵਾਰਾ ਕੁੱਤਿਆਂ ਨਾਲ ਸਬੰਧਤ ਮਾਮਲਿਆਂ ਵਿੱਚ ਮਹੱਤਵਪੂਰਨ ਹੁਕਮ ਜਾਰੀ ਕਰਦਿਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ, ਵਿਦਿਅਕ ਅਦਾਰਿਆਂ, ਰੇਲਵੇ ਸਟੇਸ਼ਨਾਂ ਅਤੇ ਹੋਰ ਜਨਤਕ ਥਾਵਾਂ ਤੋਂ ਆਵਾਰਾ ਕੁੱਤਿਆਂ ਨੂੰ ਹਟਾਉਣ ਲਈ ਕਿਹਾ ਸੀ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਕੁੱਤਿਆਂ ਦੀ ਨਸਬੰਦੀ ਅਤੇ ਟੀਕਾਕਰਨ ਕਰਵਾ ਕੇ ਉਨ੍ਹਾਂ ਨੂੰ ਸ਼ੈਲਟਰ ਹੋਮ ਵਿੱਚ ਰੱਖਿਆ ਜਾਵੇ ਅਤੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ। ਕਈ ਮਾਸੂਮਾਂ ਦੀ ਜਾਨ ਲੈ ਚੁੱਕੇ ਹਨ ਆਵਾਰਾ ਕੁੱਤੇ • ਸਾਲ 2018 ਵਿੱਚ ਪਿੰਡ ਭਿੰਡਰਾ ਵਿੱਚ 5 ਸਾਲਾ ਬੱਚੇ ਨੂੰ ਆਵਾਰਾ ਕੁੱਤਿਆਂ ਨੇ ਨੋਚ ਕੇ ਮਾਰ ਦਿੱਤਾ ਸੀ। ਜੁਲਾਈ 2018 ਵਿੱਚ ਸ਼ੇਰਪੁਰ ਵਿੱਚ ਦੌੜ ਲਗਾ ਰਹੇ 14 ਸਾਲਾ ਹਰਮਨਦੀਪ ਸਿੰਘ ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ਦੇ ਸਰੀਰ ਤੇ ਕਰੀਬ 200 ਜ਼ਖ਼ਮ ਆਏ ਸਨ। -3 ਫਰਵਰੀ 2021 ਨੂੰ ਪਿੰਡ ਝਨੇੜੀ ਵਿੱਚ 9 ਸਾਲਾ ਸੁਖਪ੍ਰੀਤ ਕੌਰ ਨੂੰ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚ ਦਿੱਤਾ ਸੀ। • -16 ਫਰਵਰੀ 2021 ਨੂੰ ਪਿੰਡ ਬੇਨੜਾ ਵਿੱਚ 6 ਸਾਲਾ ਅਵਨੀਤ ਦੀ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਮੌਤ ਹੋ ਗਈ ਸੀ। • -20 ਫਰਵਰੀ 2024 ਨੂੰ ਅਹਿਮਦਗੜ੍ਹ ਵਿੱਚ ਇੱਕ ਮਾਸੂਮ ਬੱਚੇ ਤੇ 8 ਤੋਂ 10 ਕੁੱਤਿਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ, ਜਿਸ ਕਾਰਨ ਉਸ ਦੇ ਚਿਹਰੇ, ਬਾਂਹਾਂ, ਲੱਤਾਂ, ਪੇਟ ਅਤੇ ਪਿੱਠ ਤੇ ਗੰਭੀਰ ਸੱਟਾਂ ਲੱਗੀਆਂ ਸਨ। -13 ਮਈ ਨੂੰ ਮੂਨਕ ਵਿੱਚ ਖੇਡ ਰਹੇ 12 ਸਾਲਾ ਲੜਕੇ ਤੇ ਪਿੱਟਬੁੱਲ ਨਸਲ ਦੇ ਕੁੱਤੇ ਨੇ ਹਮਲਾ ਕਰ ਦਿੱਤਾ ਸੀ। • -27 ਫਰਵਰੀ 2026 ਨੂੰ ਸੰਗਰੂਰ ਦੀ ਸੁੰਦਰ ਬਸਤੀ ਵਿੱਚ ਦੁਕਾਨ ਤੋਂ ਘਰ ਲਈ ਸਮਾਨ ਲੈ ਕੇ ਜਾ ਰਹੇ 6 ਸਾਲਾ ਅੰਮ੍ਰਿਤ ਸਿੰਘ ਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੇ ਚਿਹਰੇ, ਬਾਂਹਾਂ, ਲੱਤਾਂ ਅਤੇ ਪੇਟ ਤੇ ਗੰਭੀਰ ਜ਼ਖ਼ਮ ਆਏ। • -9 ਜਨਵਰੀ 2026 ਨੂੰ 5 ਸਾਲਾ ਰੋਹਿਤ ਨੂੰ ਖੂੰਖਾਰ ਕੁੱਤਿਆਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਸੀ। ਹਮਲਾ ਇੰਨਾ ਗੰਭੀਰ ਸੀ ਕਿ ਉਸ ਦੀ ਲੱਤ ਦੀ ਹੱਡੀ ਤੱਕ ਪ੍ਰਭਾਵਿਤ ਹੋ ਗਈ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।