ਗੋਲਡ ਮੈਡਲ ਜਿੱਤਣ ਵਾਲੀ ਕਬੱਡੀ ਟੀਮ ਦਾ ਭਰਵਾਂ ਸਵਾਗਤ ਗੋਲਡ ਮੈਡਲ ਜਿੱਤਣ ਵਾਲੀ ਕਬੱਡੀ ਟੀਮ ਭਰਵਾਂ ਸਵਾਗਤ
Publish Date: Sun, 25 Oct 2026 04:02 PM (IST)
Updated Date: Mon, 26 Oct 2026 04:01 AM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂ ਤੇ ਵਤਨ ਪੰਜਾਬ ਦੀਆਂ ਵਿੱਚ ਦਿੜ੍ਹਬਾ ਦੀ ਸਰਕਲ ਸਟਾਈਲ ਕਬੱਡੀ ਟੀਮ ਨੇ ਜ਼ਿਲ੍ਹਾ ਸੰਗਰੂਰ ਵੱਲੋਂ ਖੇਡਦੇ ਹੋਏ ਸੂਬਾ ਪੱਧਰ ਉੱਤੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਹੈ। ਕਬੱਡੀ ਦੀ ਨਰਸਰੀ ਵੱਲੋਂ ਮੰਨੇ ਜਾਂਦੇ ਦਿੜਬਾ ਦੇ ਸ਼ਹੀਦ ਬਚਨ ਸਟੇਡੀਅਮ ਦੇ ਖਿਡਾਰੀਆਂ ਨੇ ਸੂਬਾ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਸਟੇਡੀਅਮ ਵਿੱਚ ਪਰਤਣ ਉੱਤੇ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣਾਂ ਨੇ ਭਰਵਾਂ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਦਿੜ੍ਹਬਾ ਦੀਆਂ ਸਰਕਲ ਸਟਾਇਲ ਟੀਮਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਅੰਦਰ ਜਿਲਾ ਸੰਗਰੂਰ ਵੱਲੋਂ ਵੱਖ-ਵੱਖ ਵਰਗਾਂ ਵਿੱਚ ਖੇਡਦੇ ਹੋਏ ਜਿਲਾ ਸੰਗਰੂਰ ਦਾ ਨਾਮ ਉੱਚਾ ਕੀਤਾ ਹੈ। ਨਗਰ ਪੰਚਾਇਤ ਦਿੜਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਸਪੋਰਟਸ ਵੈਲਫੇਅਰ ਬੋਰਡ ਦੇ ਹਲਕਾ ਚੇਅਰਮੈਨ ਸਤਪਾਲ ਮਾਹੀ ਖਡਿਆਲ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ ਅਤੇ ਅਤੇ ਦਫਤਰ ਇੰਚਾਰਜ ਰਣਜੀਤ ਸਿੰਘ ਖੇਤਲਾ ਖਿਡਾਰੀਆਂ ਦਾ ਸਟੇਡੀਅਮ ਪਰਤਨ ਉੱਤੇ ਹਾਰ ਪਾ ਕੇ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਉਨ੍ਹਾਂ ਕਿਹਾ ਕਿ ਦਿੜ੍ਹਬਾ ਕਬੱਡੀ ਦੀ ਨਰਸਰੀ ਮੰਨਿਆ ਜਾਂਦਾ ਹੈ ਉਸੇ ਨੂੰ ਅੱਗੇ ਤੋਰਦੇ ਹੋਏ ਉਹਨਾਂ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਅੰਦਰ ਪੰਜਾਬ ਪੱਧਰ ਉੱਤੇ ਮੱਲਾਂ ਮਾਰੀਆਂ ਹਨ ਅਤੇ ਪਹਿਲੀ ਪੁਜੀਸ਼ਨ ਪ੍ਰਾਪਤ ਕਰਕੇ ਗੋਲਡ ਮੈਡਲ ਜ਼ਿਲ੍ਹਾ ਨਾਮ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੀਤੇ ਜਾਂਦੇ ਉਪਰਾਲੇ ਦੀ ਸ਼ਲਘਾ ਕਰਦੇ ਹੋਏ ਉਹਨਾਂ ਕਿਹਾ ਕਿ ਪੰਜਾਬ ਦੇ ਹਰ ਤੀਜੇ ਪਿੰਡ ਦੇ ਵਿੱਚ ਸ਼ਾਨਦਾਰ ਸਟੇਡੀਅਮ ਬਣਾਏ ਜਾ ਰਹੇ ਹਨ ਜਿਸ ਨਾਲ ਖੇਡਾਂ ਨੂੰ ਉਤਸ਼ਾਹਤ ਕਰਨ ਅਤੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦਾ ਉਪਰਾਲਾ ਹੋ ਰਿਹਾ ਹੈ। ਜੇਤੂ ਟੀਮ ਦੇ ਖਿਡਾਰੀ ਸੱਤੀ ਦਿੜ੍ਹਬਾ ਅਤੇ ਲੱਖਾ ਢੰਡੋਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਖੇਡਾਂ ਪ੍ਰਤੀ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਅਤੇ ਉਹਨਾਂ ਮੰਗ ਕੀਤੀ ਕਿ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਗੋਲਡ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਜਿੱਥੇ ਗ੍ਰੇਡ ਦੇਣ ਦੀ ਸ਼ੁਰੂਆਤ ਕੀਤੀ ਹੈ ਉਸ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਮੰਗ ਕੀਤੀ ਕਿ ਦਿੱਤੇ ਗਏ ਗ੍ਰੇਡ ਦੇ ਅਨੁਸਾਰ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਵਿੱਚ ਵੀ ਵਿਸ਼ੇਸ਼ ਕੋਟਾ ਰੱਖਿਆ ਜਾਵੇ। ਜਿਸ ਨਾਲ ਖਿਡਾਰੀਆਂ ਦਾ ਹੌਸਲਾ ਵਧੇਗਾ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਖਿਡਾਰੀ ਖੇਡਾਂ ਵੱਲ ਉਤਸ਼ਾਹਿਤ ਹੋ ਕੇ ਦੇਸ਼ ਦਾ ਨਾਂ ਰੋਸ਼ਨ ਕਰਨਗੇ।